ਕਿਸਾਨ ਜੱਥੇਬੰਦੀਆਂ ਤੇ ਮੁਲਾਜ਼ਮਾਂ ਨੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ
ਕਿਸਾਨ ਜੱਥੇਬੰਦੀਆਂ ਤੇ ਮੁਲਾਜ਼ਮਾਂ ਵੱਲੋਂ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ, ਆਮ ਜਨਤਾ ’ਤੇ ਭਾਰੀ ਆਰਥਿਕ ਬੋਝ ਦਾ ਵਿਰੋਧ
Publish Date: Mon, 08 Dec 2025 08:45 PM (IST)
Updated Date: Mon, 08 Dec 2025 08:48 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਾਵਰਕਾਮ ਦੇ ਸਬ ਡਵੀਜ਼ਨ ਦਫ਼ਤਰ ਅੱਗੇ ਕਿਸਾਨ ਜਥੇਬੰਦੀਆਂ ਤੇ ਕੱਚੇ ਮੁਲਾਜ਼ਮਾਂ ਵੱਲੋਂ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ (ਦੁਆਬਾ ਕਿਸਾਨ ਕਮੇਟੀ ਪੰਜਾਬ), ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕੱਚੇ ਮੁਲਾਜ਼ਮ ਰਾਮ ਲਾਲ (ਭੋਗਪੁਰ) ਤੇ ਪਰਮਜੀਤ ਸਿੰਘ (ਟਾਂਡਾ) ਵੱਲੋਂ ਕੀਤੀ ਗਈ।
ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਲੇਬਰ ਕੋਡ ਤੇ ਫ਼ਰੀ ਟਰੇਡ ਐਗਰੀਮੈਂਟ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ਲਈ ਗੰਭੀਰ ਖਤਰਾ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬਿੱਲ 2025 ਕਾਨੂੰਨ ਬਣ ਗਿਆ ਤਾਂ ਗਰੀਬਾਂ ਤੇ ਕਿਸਾਨਾਂ ਨੂੰ ਮਿਲ ਰਹੀ ਮੁਫ਼ਤ ਤੇ ਸਸਤੀ ਬਿਜਲੀ ਖਤਮ ਹੋ ਜਾਵੇਗੀ ਤੇ ਮੋਬਾਇਲ ਵਾਂਗ ਪ੍ਰੀਪੇਡ ਮੀਟਰ ਲਾਗੂ ਕਰ ਦਿੱਤੇ ਜਾਣਗੇ, ਜਿਸ ਕਾਰਨ ਪਹਿਲਾਂ ਰੀਚਾਰਜ ਕਰਨਾ ਲਾਜ਼ਮੀ ਹੋਵੇਗਾ। ਰੀਚਾਰਜ ਖਤਮ ਹੋਣ ’ਤੇ ਬਿਜਲੀ ਤੁਰੰਤ ਬੰਦ ਹੋ ਜਾਵੇਗੀ, ਜੋ ਕਿ ਆਮ ਜਨਤਾ ’ਤੇ ਭਾਰੀ ਆਰਥਿਕ ਬੋਝ ਹੋਵੇਗਾ।
ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਿਜਲੀ ਵੰਡ ਖੇਤਰ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਰਚੇ ਦੇ ਆਗੂਆਂ ਨੇ ਮੁਕਤ ਵਪਾਰ ਸਮਝੌਤਿਆਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇ ਸਸਤੀਆਂ ਜਿਨਸਾਂ ਤੇ ਦੁੱਧ ਵਰਗੀਆਂ ਚੀਜ਼ਾਂ ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਆਉਣ ਲੱਗੀਆਂ ਤਾਂ ਦੇਸ਼ ਦੇ ਕਿਸਾਨਾਂ ਦੀ ਉਪਜ ਰੁਲ ਜਾਵੇਗੀ। ਇਸ ਮੌਕੇ ਬਾਬਾ ਬਲਵਿੰਦਰ ਸਿੰਘ (ਸਰਕਲ ਪ੍ਰਧਾਨ, ਦੁਆਬਾ ਕਿਸਾਨ ਕਮੇਟੀ ਭੋਗਪੁਰ), ਜੀਤ ਲਾਲ (ਪ੍ਰਧਾਨ, ਕੱਚੇ ਸੰਘਰਸ਼ ਮੁਲਾਜ਼ਮ ਭੋਗਪੁਰ), ਪਰਮਿੰਦਰ ਸਿੰਘ (ਟਾਂਡਾ), ਸੁੱਚਾ ਮਸੀਹ (ਭੋਗਪੁਰ), ਹਰਭਜਨ ਸਿੰਘ ਰਾਪੁਰ, ਬਲਜੀਤ ਸਿੰਘ ਘੋੜਾ ਬਾਹੀ, ਰਣਜੀਤ ਸਿੰਘ ਜਲੋਵਾਲ, ਤਰਲੋਚਨ ਕੁਮਾਰ, ਜਸਪ੍ਰੀਤ ਸਿੰਘ, ਗੁਰਦੇਵ ਸਿੰਘ ਪਟਨੂਰਾ ਲਵਾਣਾ, ਹਰਜਿੰਦਰ ਸਿੰਘ ਭਨੂਰਾ, ਅਰਵਿੰਦਰ ਸਿੰਘ ਝਮਟ, ਦਵਿੰਦਰ ਸਿੰਘ ਪਟਨੂਰਾ, ਰਣਜੀਤ ਸਿੰਘ, ਓਮਕਾਰ ਸਿੰਘ, ਪਰਮਜੀਤ ਸਿੰਘ ਭੇੜਾ, ਸੁੱਖਾ ਕਲੋਨੀ ਤੇ ਹੋਰ ਕਈ ਆਗੂ ਹਾਜ਼ਰ ਸਨ।