ਕਿਸਾਨ–ਮਜ਼ਦੂਰ ਜੱਥੇਬੰਦੀਆਂ ਕੀਤਾ ਰੋਸ ਮੁਜ਼ਾਹਰਾ
ਬਿਜਲੀ ਬਿੱਲ 2025 ਤੇ ਲੇਬਰ ਕੋਡ ਦੇ ਵਿਰੋਧ ’ਚ ਕਿਸਾਨ–ਮਜ਼ਦੂਰ ਜੱਥੇਬੰਦੀਆਂ ਦਾ ਰੋਸ ਪ੍ਰਦਰਸ਼ਨ, ਕਾਪੀਆਂ ਸਾੜੀਆਂ
Publish Date: Mon, 08 Dec 2025 08:47 PM (IST)
Updated Date: Mon, 08 Dec 2025 08:48 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਬਿਜਲੀ ਬਿੱਲ 2025, ਸੀਡ ਬਿੱਲ ਤੇ ਲੇਬਰ ਕੋਡ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮਾਰਚ ਸ਼ਹਿਰ ’ਚੋਂ ਲੰਘਦਾ ਹੋਇਆ ਮੰਡਲ ਦਫਤਰ ਪਾਵਰਕਾਮ ਦੇ ਗੇਟ ਅੱਗੇ ਪਹੁੰਚਿਆ, ਜਿੱਥੇ ਬਿੱਲਾਂ ਦੀਆਂ ਕਾਪੀਆਂ ਸਾੜੀਆ ਗਈਆ। ਮੁਜ਼ਾਹਰੇ ਦੀ ਅਗਵਾਈ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਮਨਦੀਪ ਸਿੱਧੂ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ, ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੇ ਸਤਨਾਮ ਸਿੰਘ ਲੋਹਗੜ੍ਹ, ਰਮਨਜੀਤ ਸਿੰਘ ਸਮਰਾ ਤੇ ਭੱਠਾ ਵਰਕਰ ਯੂਨੀਅਨ ਦੇ ਸੁਨੀਲ ਕੁਮਾਰ ਵੱਲੋਂ ਕੀਤੀ ਗਈ। ਬੁਲਾਰਿਆਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਿਜਲੀ ਬਿੱਲ 2025, ਸੀਡ ਬਿੱਲ ਤੇ ਲੇਬਰ ਕੋਡ ਵਰਗੇ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਲੋਕਾਂ ਦੇ ਘਰਾਂ ’ਚ ਹਨੇਰਾ ਕਰਨ ਨਾਲ ਨਾਲ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਾਏ ਜਾ ਰਹੇ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਚਿੱਪ ਵਾਲੇ ਮੀਟਰ ਕਿਸੇ ਵੀ ਸਥਿਤੀ ’ਚ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਲੇਬਰ ਕੋਡ ਤੇ ਬਿਜਲੀ ਸੋਧ ਬਿੱਲ 2025 ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬੁਲਾਰਿਆਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਰਕਾਰ 2027 ਦੀਆਂ ਵੋਟਾਂ ’ਚ ਕਿਸਾਨਾਂ ਤੇ ਮਜ਼ਦੂਰਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਰਜਿੰਦਰ ਸਿੰਘ ਮੰਡ, ਮਜ਼ਦੂਰ ਆਗੂ ਕਸ਼ਮੀਰ ਮੰਡਿਆਲਾ, ਅਨੀਤਾ ਸੰਧੂ, ਰਮੇਸ਼ ਸਿੰਘ ਮਾਨ, ਗੁਰਬਾਜ਼ ਸਿੰਘ, ਅਵਤਾਰ ਸਿੰਘ ਤਾਰੀ, ਸਤਨਾਮ ਸਿੰਘ ਬਿੱਲੇ, ਗੁਰਜੰਟ ਸਿੰਘ, ਕਮਲਪ੍ਰੀਤ ਸਿੰਘ ਤੇ ਸੁਖਚੈਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।