ਕਿਸਾਨ-ਮਜ਼ਦੂਰ ਯੂਨੀਅਨਾਂ ਨੇ ਸੰਗੋਵਾਲ ਟੋਲ ਪਲਾਜ਼ਾ ’ਤੇ ਕੀਤੀ ਰੋਸ ਰੈਲੀ
ਕਿਸਾਨ-ਮਜ਼ਦੂਰ ਯੂਨੀਅਨਾਂ ਨੇ ਸੰਗੋਵਾਲ ਟੋਲ ਪਲਾਜ਼ਾ ’ਤੇ ਕੀਤੀ ਰੋਸ ਰੈਲੀ
Publish Date: Fri, 19 Dec 2025 09:28 PM (IST)
Updated Date: Sat, 20 Dec 2025 04:13 AM (IST)

ਸੁਰਿੰਦਰ ਛਾਬੜਾ , ਪੰਜਾਬੀ ਜਾਗਰਣ, ਮਹਿਤਪੁਰ- ਕਿਰਤੀ ਕਿਸਾਨ ਯੂਨੀਅਨ ਅਤੇ ਪੇਡੂ ਮਜ਼ਦੂਰ ਯੂਨੀਅਨ ਨੇ ਟੂਲ ਪਲਾਜ਼ਾ ਸੰਗੋਵਾਲ ’ਤੇ ਰੈਲੀ ਕਰ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਟੂਲ ਪਲਾਜ਼ਾ ਕੰਪਨੀ ਦੇ ਸਾਂਝੇ ਖਾਤੇ ’ਚ ਲੋਕਾਂ ਦੇ ਇਕੱਠੇ ਕੀਤੇ ਜਮਾ ਕਰੋੜਾਂ ਰੁਪਏ ਨਾਲ ਖਸਤਾ ਹਾਲਤ ਸੜਕ ਦਾ ਨਿਰਮਾਣ ਫੌਰੀ ਸ਼ੁਰੂ ਕਰਨ ਦੀ ਮੰਗ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਾਬਕਾ ਸਰਪੰਚ ਬਚਨ ਸਿੰਘ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ ਨੇ ਦੋਸ਼ ਲਾਇਆ ਕਿ ਰੇਤ ਮਾਫੀਆ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਅਏ ਹੜ੍ਹ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੀਤੇ ਐਲਾਨ ਕਿ ਜਿਸ ਦਾ ਖੇਤ ਉਸ ਦੀ ਰੇਤ ਦਾ ਲਾਹਾ ਲੈ ਕੇ ਰੇਤ ਮਾਫੀਆ ਸਤਲੁਜ ਦਰਿਆ ’ਚੋਂ ਦਿਨ-ਰਾਤ ਮਾਈਨਿੰਗ ਕਰ ਕੇ ਰੇਤ ਵੇਚ ਰਿਹਾ ਹੈ। ਸਰਕਾਰ ਦੇ ਇਸ ਐਲਾਨ ਨਾਲ ਗਰੀਬ ਕਿਸਾਨਾਂ ਨੂੰ ਤਾਂ ਕੀ ਫਾਇਦਾ ਹੋਣਾ ਹੈ ਰੇਤ ਮਾਫੀਆ ਤੇ ਸਿਆਸਤਦਾਨਾਂ ਆਪਣੀਆਂ ਜੇਬਾਂ ਭਰ ਰਹੇ ਹਨ। ਦਰਿਆ ਦੇ ਅੰਦਰੋਂ ਕੀਤੀ ਜਾ ਰਹੀ ਮਾਈਨਿੰਗ ਨਾਲ ਜਿੱਥੇ ਦਰਿਆ ਦੇ ਨੇੜੇ ਵਸਦੇ ਲੋਕਾਂ ਲਈ ਵੱਡਾ ਖਤਰਾ ਬਣ ਗਿਆ, ਉੱਥੇ ਵੱਡੇ ਵਾਹਨਾਂ ਨਾਲ ਸਤਲੁਜ ਦੇ ਅੰਦਰੋਂ ਕੀਤੀ ਜਾ ਰਹੀ ਰੇਤੋ ਦੀ ਡਵਾਈ ਨਾਲ ਪੂਰੀ ਸੜਕ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਸਤਲੁਜ ਤੋਂ ਲੈ ਕੇ ਨਕੋਦਰ ਤੱਕ ਸੜਕ ਨੇ ਖੂਨੀ ਸੜਕ ਦਾ ਰੂਪ ਧਾਰ ਕਰ ਲਿਆ। ਆਏ ਦਿਨ ਐਕਸੀਡੈਂਟ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਬੀਤੇ ਦਿਨੀ ਸੰਗੋਵਾਲ ਪਿੰਡ ਦੀ ਸਕੂਲ ਤੋਂ ਆ ਰਹੀ ਇੱਕ ਬੱਚੀ ਦੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਲੋਕਾਂ ਵੱਲੋਂ ਦਬਾਅ ਪਾਏ ਜਾਣ ਤੇ ਟੋਇਆਂ ਨੂੰ ਪੂਰਨ ਲਈ ਪ੍ਰਸ਼ਾਸਨ ਵੱਲੋਂ ਪਾਈ ਗਈ ਸਵਾਹ ਨੇ ਸੜਕ ਦੀ ਹਾਲਤ ਤਾਂ ਕੀ ਸੁਧਰਨੀ ਸੀ ਉਲਟਾ ਲੋਕਾਂ ਦਾ ਸੜਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ, ਜੇ ਸਰਕਾਰ ਨੇ ਫੌਰੀ ਕੋਈ ਕਦਮ ਨਾ ਚੁੱਕਿਆ ਤਾਂ ਕੋਈ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਜੇ ਸਰਕਾਰ ਨੇ ਫੌਰੀ ਸੜਕ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਉਹ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।