ਪੰਜਾਬੀ ਜਾਗਰਣ ਕੇਂਦਰ, ਜਲੰਧਰ

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੋਈ ਵੀ ਇਨਸਾਨ ਆਪਣੀ ਯੋਗਤਾ ਜਾਂ ਨੌਕਰੀ ਕਰਕੇ ਵੱਡਾ ਨਹੀਂ ਹੁੰਦਾ, ਸਗੋਂ ਜਿਸ ਨੂੰ ਸਮਾਜ ਪ੍ਰਵਾਨ ਕਰੇ, ਮੁਹੱਬਤ ਕਰੇ ਉਹ ਆਮ ਤੋਂ ਖਾਸ ਮਨੁੱਖ ਹੁੰਦਾ ਹੈ। ਨਰਿੰਦਰ ਬੰਗਾ ਦੇ ਮਾਮਲੇ ‘ਚ ਵੀ ਅਜਿਹਾ ਹੀ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਰੂਪ ‘ਚ ਕਦੇ ਦੂਰਦਰਸ਼ਨ ਨਾਲ ਵਾਹ-ਵਾਸਤਾ ਰਿਹਾ ਹੋਵੇਗਾ ਉਹ ਨਰਿੰਦਰ ਬੰਗਾ ਨੂੰ ਜਾਣਦੇ ਹੀ ਨਹੀਂ, ਸਗੋਂ ਦੋਵੇਂ ਬਾਹਾਂ ਖੋਲ੍ਹ ਕੇ ਪਿਆਰ ਵੀ ਕਰਦੇ ਨੇ।। ਪੇਸ਼ੇ ਵਜੋਂ ਭਾਵੇਂ ਉਹ ਇੰਜੀਨੀਅਰ ਹੈ ਪਰ ਉਹ ਦੂਜਿਆਂ ਦਾ ਬਣਨ ਵਾਲਾ, ਮੁਹੱਬਤ ਦਾ ਵੀ ਇੰਜੀਨੀਅਰ ਹੈ। ਵੱਡੇ-ਵੱਡੇ ਕਲਾਕਾਰ, ਗਵੱਈਏ, ਸੰਗੀਤਕਾਰ, ਪ੍ਰਸ਼ਾਸਨਿਕ ਤੇ ਰਾਜਨੀਤਿਕ ਅਧਿਆਪਕ ਨਰਿੰਦਰ ਬੰਗਾ ਦੀ ਗੂੜ੍ਹੀ ਮੁਹੱਬਤ ‘ਚ ਸ਼ਾਮਲ ਨੇ। ਇਹ ਉਨ੍ਹਾਂ ਦੀ ਸ਼ਖਸੀਅਤ ਉਸਾਰੀ ਦਾ ਸਭ ਤੋਂ ਉੱਤਮ ਨਮੂਨਾ ਹੈ। ਆਪਣੀ 60 ਸਾਲਾਂ ਦੀ ਸਰਕਾਰੀ ਫਰੇਮ ਵਾਲੀ ਨੌਕਰੀ ਮੁਕੰਮਲ ਕਰ ਕੇ ਉਹ ਅੱਜ 30 ਨਵੰਬਰ ਨੂੰ ਸੇਵਾ ਮੁਕਤ ਹੋ ਰਿਹਾ। ਹੁਣ ਉਹ ਆਪਣੀ ਮਰਜ਼ੀ ਨਾਲ ਵਿਚਰੇਗਾ।
1988 ’ਚ ਬਤੌਰ ਇੰਜੀਨੀਅਰਿੰਗ ਅਸਿਸਟੈਂਟ ਬਰਾਡਕਾਸਟਿੰਗ ਮਨਿਸਟਰੀ ’ਚ ਭਰਤੀ ਹੋਇਆ ਜੋ ਹੁਣ ਪ੍ਰਸਾਰ ਭਰਤੀ ਦੇ ਨਾਂ ਹੇਠ ਹੈ l ਫਿਰ ਸੀਨੀਅਰ ਇੰਜੀਨੀਅਰਿੰਗ ਅਸਿਸਟੈਂਟ ਬਣਿਆ ਤੇ ਬਤੌਰ ਐਸਿਸਟੈਂਟ ਇੰਜੀਨੀਅਰ ਉਰਫ਼ ਟੈਕਨੀਕਲ ਡਾਇਰੈਕਟਰ ਵਜੋਂ ਦੂਰਦਰਸ਼ਨ ਜਲੰਧਰ ਤੋਂ ਸੇਵਾ ਮੁਕਤ ਹੋਏ l ਗੱਲ ਸਿਰਫ਼ ਉਹਦੀ ਨੌਕਰੀ ਦੀ ਨਹੀਂ ਹੈ, ਦੂਰਦਰਸ਼ਨ ਨਾਲ ਜੁੜੇ ਲੋਕਾਂ ਦੀ ਨਹੀਂ ਹੈ ਬਲਕਿ ਜਿਸ ਸਮਾਜਿਕ ਕਿਰਦਾਰ ਕਰਕੇ ਨਰਿੰਦਰ ਬੰਗਾ ਨੂੰ ਜਾਣਿਆਂ ਜਾਂਦਾ ਹੈ ਉਹਦੇ ਬਾਰੇ ਚਾਰ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਨੇ। ਅੱਖਾਂ ਦੇ ਕੈਂਪ ਲਾਉਂਣੇ, ਖੂਨਦਾਨ ਕਰਨਾ ਤੇ ਕਰਾਉਣਾ, ਵਿਕਲਾਂਗ ਲੋਕਾਂ ਲਈ ਡਾਕਟਰੀ ਸਹਾਇਤਾ, ਸਾਈਕਲ ਪ੍ਰਦਾਨ ਕਰਨੇ, ਪਿੰਡਾਂ ਦੀ ਸਫ਼ਾਈ ਲਈ ਐੱਨਐੱਸਐੱਸ ਕੈਂਪ ਲਾਉਂਣੇ, ਸਿਹਤ ਕੈਂਪ, ਵਿਕਾਸ ਕੈਂਪ ਤੇ ਕਲੱਬਾਂ ਰਾਹੀਂ ਬੱਚਿਆਂ ਨੂੰ ਐਜੂਕੇਸ਼ਨ ਟਰਿਪ ਤੇ ਲਿਜਾਣਾ, ਅੰਗਦਾਨ ਕੈਂਪ, ਵਣ ਮਹਾਂਉਤਸਵ, ਨਸ਼ਾ ਛਡਾਊ ਕੈਂਪ ਤੇ ਰੈਲੀਆਂ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਪੁਲਿਸ ਪਬਲਿਕ ਮੀਟਿੰਗਾਂ, ਵੱਖ=ਵੱਖ ਵਿਸ਼ਿਆਂ ਤੇ ਕੈਂਪ ਅਤੇ ਸੈਮੀਨਾਰ ਕਰਵਾਉਣੇ, ਉਹ ਨਰਿੰਦਰ ਬੰਗਾ ਦੀ ਮੁੱਢਲੀ ਤੇ ਸਫ਼ਲ ਫ਼ਿਤਰਤ ਦਾ ਹਿੱਸਾ ਰਿਹਾ ਹੈ। ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਨੂਰਪੁਰ ’ਚ ਚੱਲ ਰਿਹਾ ਸਰਦਾਰ ਮੁਹੰਮਦ-ਗੁਲਜ਼ਾਰ ਮੁਹੰਮਦ ਸਾਲਾਨਾ ਮੇਲਾ ਬੰਗੇ ਦੇ ਨਾਲ ਨਾਲ ਵੀ ਤੁਰਿਆ ਰਿਹਾ ਹੈ। ਕਹਿੰਦੇ ਨੇ ਕਿ ਜਦੋਂ ਕਿਸੇ ਦਾ ਨਿੱਜੀ ਸਮਾਗਮ ਹੋਵੇ ਤੇ ਉਹਦੇ ‘ਚ ਪੁੱਜਦਾ ਕੌਣ ਕੌਣ ਹੈ? ਇਹ ਵੀ ਨਰਿੰਦਰ ਬੰਗੇ ਤੋਂ ਸਿੱਖ ਸਕਦੇ ਹੋ। ਇੰਨੀ ਕੁ ਉਮਰ ’ਚ ਉਹ ਕਿਵੇਂ ਸਫ਼ਲਤਾ ਨਾਲ ਰੰਗ ਭਰਦਾ ਹੈ, ਸ਼ਾਇਦ ਇਹੀ ਸਮਝਣਾ ਨਰਿੰਦਰ ਬੰਗਾ ਦੀ ਜ਼ਿੰਦਗੀ ਤੋਂ ਕੁਝ ਸਿੱਖਣ ਦਾ ਮਿਸ਼ਨ ਬਣ ਸਕਦਾ ਹੈ।
ਬੰਗਾ ਲਾਗਲੇ ਪਿੰਡ ਖਾਨਪੁਰ ‘ਚ ਉਹ ਮਰਹੂਮ ਪਿਤਾ ਪ੍ਰਕਾਸ਼ ਚੰਦ ਤੇ ਮਾਤਾ ਪ੍ਰਕਾਸ਼ ਕੌਰ ਤੇ ਘਰ ਪੈਦਾ ਹੋਇਆ ਤੇ ਉਹਦਾ ਪੁੱਤਰ ਜਗਦੀਸ਼ ਬੰਗਾ ਇਸ ਵੇਲੇ ਇੰਗਲੈਂਡ ‘ਚ ਸਰਕਾਰੀ ਨੌਕਰੀ ਕਰ ਰਿਹਾ ਹੈ, ਧੀ ਦਿਵਿਆ ਬੰਗਾ ਕੈਨੇਡਾ ’ਚ ਹੈ ਤੇ ਦੋਵੇਂ ਬੱਚੇ ਆਪਣੇ ਮਾਂ ਬਾਪ ਵਾਂਗ ਸਮਾਜਿਕ ਸੇਵਾਵਾਂ ‘ਚ ਅੱਗੇ ਹਨ। ਹਾਲ ਹੀ ਵਿੱਚ ਨਰਿੰਦਰ ਬੰਗਾ ਦੀ ਧਰਮ ਪਤਨੀ ਕਮਲਜੀਤ ਬੰਗਾ ਜੋ ਬਤੌਰ ਐੱਸਐੱਸ ਮਿਸਟਰਸ ਸਿੱਖਿਆ ਵਿਭਾਗ ’ਚੋਂ ਸੇਵਾਮੁਕਤ ਹੋਏ ਹਨ, ਨਰਿੰਦਰ ਬੰਗਾ ਨੂੰ ਨਰਿੰਦਰ ਬੰਗਾ ਬਣਾ ਕੇ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਹ ਆਪ ਸਵੀਕਾਰ ਕਰਦਾ ਹੈ ਕਿ ਕਮਲਜੀਤ ਦਾ ਮੇਰੀ ਜ਼ਿੰਦਗੀ ’ਚ ਬਹੁਤ ਵੱਡਾ ਯੋਗਦਾਨ ਤੇ ਹਿੱਸਾ ਹੈ। ਅੱਜ ਤਕਰੀਬਨ 37 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਰਿਹਾ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾਵੇਗਾ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਉਹ ਸਮਾਜਿਕ ਤੌਰ ’ਤੇ ਵਿਚਰਦਾ ਰਿਹਾ। ਉਨ੍ਹਾਂ ਦਾ ਹੁਣ ਆ ਕੇ ਸਮਾਜ ਨੂੰ ਹੋਰ ਵੀ ਲਾਭ ਹੋਵੇਗਾ। ਨਰਿੰਦਰ ਬੰਗਾ ਲਈ ਸ਼ੁੱਭ ਕਾਮਨਾਵਾਂ ਤੇ ਜਲੰਧਰ ਦੂਰਦਰਸ਼ਨ ਲਈ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਸਲਾਹੀਆਂ ਜਾਂਦੀਆਂ ਰਹਿਣਗੀਆਂ। ਆਸ ਕਰਾਂਗੇ ਕਿ ਸਮਾਜ ਪ੍ਰਤੀ ਉਹ ਆਪਣੀਆਂ ਸੇਵਾਵਾਂ ਦਾ ਘੇਰਾ ਹੋਰ ਵੀ ਵਿਸ਼ਾਲ ਕਰੇਗਾ।