ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ’ਚ ਪੀੜਤ ਪਰਿਵਾਰਾਂ ਨੇ ਲਾਇਆ ਹਾਈਵੇ ’ਤੇ ਧਰਨਾ
ਦੋ ਨੌਜਵਾਨਾਂ ਦੀ ਮੌਤ ਨੂੰ ਹਾਦਸਾ ਮੰਨਣ ਤੋਂ ਪਰਿਵਾਰ ਦਾ ਇਨਕਾਰ, ਕਤਲ ਦਾ ਦੋਸ਼ ਲਗਾ ਕੇ ਭੋਗਪੁਰ ਹਾਈਵੇ ’ਤੇ ਧਰਨਾ
Publish Date: Sat, 17 Jan 2026 07:33 PM (IST)
Updated Date: Sat, 17 Jan 2026 11:31 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਨਜ਼ਦੀਕੀ ਪਿੰਡ ਬਹਿਰਾਮ ਸਰਿਸਤਾ ’ਚ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਨਿਚਰਵਾਰ ਦੁਪਹਿਰ ਨੈਸ਼ਨਲ ਹਾਈਵੇ ਜਲੰਧਰ–ਪਠਾਨਕੋਟ ’ਤੇ ਧਰਨਾ ਦਿੱਤਾ ਗਿਆ। ਧਰਨੇ ਕਾਰਨ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੜਕ ਹਾਦਸਾ ਦੱਸਣ ਤੋਂ ਇਨਕਾਰ ਕਰਦੇ ਹੋਏ ਦੋਸ਼ ਲਗਾਇਆ ਕਿ ਦੋਵੇਂ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ।
ਪਰਿਵਾਰ ਦੀ ਮੈਂਬਰ ਡਿੰਪਲ ਨੇ ਦੱਸਿਆ ਕਿ ਪਹਿਲਾਂ ਪੁਲਿਸ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਪਰ ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮਾਮਲਾ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਨੌਜਵਾਨ ਨੇੜਲੇ ਪਿੰਡ ’ਚ ਇਕ ਲੜਕੀ ਨੂੰ ਮਿਲਣ ਗਏ ਸਨ ਪਰ ਹੁਣ ਸਬੰਧਤ ਨੌਜਵਾਨ ਆਪਣੇ ਬਿਆਨਾਂ ਤੋਂ ਮੁੱਕਰ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਜਾਂਚ ’ਚ ਦੇਰੀ ਕਰ ਰਹੀ ਹੈ। ਇਸ ਮੌਕੇ ਜਥੇਦਾਰ ਸੁਖਬੀਰ ਸਿੰਘ ਨੇ ਮੰਗ ਕੀਤੀ ਕਿ ਡੀਐੱਸਪੀ ਤੇ ਐੱਸਐੱਚਓ ਖੁਦ ਘਟਨਾ ਸਥਾਨ ’ਤੇ ਪੁੱਜ ਕੇ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਜਿਸ ਵਾਹਨ ਨਾਲ ਟੱਕਰ ਹੋਣ ਦੀ ਗੱਲ ਪੁਲਿਸ ਕਰ ਰਹੀ ਹੈ, ਉਸ ਸਥਾਨ ’ਤੇ ਹਾਦਸੇ ਦੇ ਕੋਈ ਨਿਸ਼ਾਨ ਨਹੀਂ ਮਿਲੇ ਤੇ ਨਾ ਹੀ ਹਾਦਸੇ ਵੇਲੇ ਕੋਈ ਗੱਡਾ ਮੌਕੇ ’ਤੇ ਮੌਜੂਦ ਸੀ।
ਉਨ੍ਹਾਂ ਦੋਸ਼ ਲਾਇਆ ਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਜਾਣ ਤੋਂ ਬਾਅਦ ਗੱਡੇ ਨੂੰ ਮੌਕੇ ’ਤੇ ਰੱਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬੁੱਧਵਾਰ ਤੱਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦਾ ਭਰੋਸਾ ਦਿੱਤੇ ਜਾਣ ਉਪਰੰਤ ਪਰਿਵਾਰ ਨੇ ਕਰੀਬ ਦੋ ਤੋਂ ਢਾਈ ਘੰਟਿਆਂ ਬਾਅਦ ਧਰਨਾ ਚੁੱਕ ਲਿਆ। ਦੱਸਣਯੋਗ ਹੈ ਕਿ ਮ੍ਰਿਤਕਾਂ ਦੀ ਪਛਾਣ 17 ਸਾਲਾ ਅਰਸ਼ਪ੍ਰੀਤ ਸਿੰਘ ਤੇ ਗੋਪੇਸ਼ ਉਰਫ਼ ਆਰੀਅਨ ਵਜੋਂ ਹੋਈ ਹੈ, ਜੋ ਪਿੰਡ ਭੂੰਡੀਆਂ ਦੇ ਰਹਿਣ ਵਾਲੇ ਸਨ। ਦੋਵੇਂ ਨੌਜਵਾਨ ਬਾਈਕ ’ਤੇ ਆਪਣੇ ਦੋਸਤ ਦੇ ਸਮਾਗਮ ਤੋਂ ਵਾਪਸ ਆ ਰਹੇ ਸਨ। ਖ਼ਬਰ ਲਿਖੇ ਜਾਣ ਸਮੇਂ ਤੱਕ ਸ਼ਾਮ 6:30 ਵਜੇ ਵੀ ਨੈਸ਼ਨਲ ਹਾਈਵੇ ’ਤੇ ਪਿੰਡ ਡੱਲੀ ਤੋਂ ਸੱਧਾ ਚੱਕ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।