28 ਤੋਂ ਕੀਤੇ ਜਾਣਗੇ ਪਰਿਵਾਰ ਨਿਯੋਜਨ ਕੇਸ : ਡਾ. ਗਰਗ
ਸਿਹਤ ਵਿਭਾਗ ਵੱਲੋਂ 28 ਤੋਂ ਕੀਤੇ ਜਾਣਗੇ ਪਰਿਵਾਰ ਨਿਯੋਜਨ ਕੇਸ : ਡਾ. ਰਾਜੇਸ਼ ਗਰਗ
Publish Date: Fri, 21 Nov 2025 06:23 PM (IST)
Updated Date: Fri, 21 Nov 2025 06:25 PM (IST)
-27 ਨਵੰਬਰ ਤਕ ਪਰਿਵਾਰ ਨਿਯੋਜਨ ਸਬੰਧੀ ਫੈਲਾਈ ਜਾਵੇਗੀ ਜਾਗਰੂਕਤਾ : ਸਿਵਲ ਸਰਜਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਹਤ ਵਿਭਾਗ ਵੱਲੋਂ ਲਗਾਤਾਰ ਵੱਧ ਰਹੀ ਅਬਾਦੀ 'ਤੇ ਕਾਬੂ ਪਾਉਣ ਦੇ ਮਕਸਦ ਨਾਲ ‘ਤੰਦਰੁਸਤ ਅਤੇ ਖੁਸ਼ਹਾਲ ਪਰਿਵਾਰ, ਪੁਰਸ਼ਾਂ ਦੀ ਭਾਗੀਦਾਰੀ ਨਾਲ ਹੀ ਹੋਵੇਗਾ ਇਹ ਸੁਪਨਾ ਸਾਕਾਰ’ ਵਿਸ਼ੇ ਤਹਿਤ 21 ਨਵੰਬਰ ਤੋਂ 4 ਦਸੰਬਰ ਤਕ ਪਰਿਵਾਰ ਨਿਯੋਜਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਸ਼ੁੱਕਰਵਾਰ ਨੂੰ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸਿਵਲ ਸਰਜਨ ਨੇ ਦੱਸਿਆ ਕਿ ਪਰਿਵਾਰ ਨਿਯੋਜਨ 'ਚ ਮਰਦਾਂ ਦੀ ਹਿੱਸੇਦਾਰੀ ਨੂੰ ਵਧਾਉਣ ਲਈ 21 ਨਵੰਬਰ ਤੋਂ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ।
ਪਹਿਲੇ ਹਿੱਸੇ ’ਚ 21 ਤੋਂ 27 ਨਵੰਬਰ ਤੱਕ ਜਨ-ਜਾਗਰੂਕਤਾ ਕੀਤੀ ਜਾ ਰਹੀ ਹੈ ਅਤੇ ਦੂਜੇ ਹਿੱਸੇ ਵਿੱਚ 28 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਆਪ੍ਰੇਸ਼ਨ ਕੀਤੇ ਜਾਣਗੇ। ਡਾ. ਰਾਜੇਸ਼ ਗਰਗ ਨੇ ਕਿਹਾ ਕਿ ਪਰਿਵਾਰ ਨਿਯੋਜਨ ਰਾਹੀਂ ਪਰਿਵਾਰ ਦੀ ਖੁਸ਼ਵਾਲੀ ’ਚ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਬੱਚਿਆਂ ਦੇ ਜਨਮ ਦਰਮਿਆਨ ਘੱਟੋਂ-ਘੱਟ ਤਿੰਨ ਸਾਲ ਦਾ ਅੰਤਰ ਨਾ ਰਹੇ ਤਾਂ ਔਰਤ ਦੀ ਸਿਹਤ ਤੇ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਬੱਚਿਆਂ ਦਾ ਪਾਲਨ-ਪੋਸ਼ਨ ਵੀ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ। ਇਸ ਦੇ ਮੱਦੇਨਜ਼ਰ ਬੱਚਿਆਂ ਦਰਮਿਆਨ ਤਿੰਨ ਸਾਲ ਦਾ ਅੰਤਰ ਰੱਖਿਆ ਜਾਵੇ ਅਤੇ ਦੋ ਬੱਚਿਆਂ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਸਥਾਈ ਸਾਧਨ ਅਪਣਾਇਆ ਜਾਵੇ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਵੱਲੋਂ ਨਸਬੰਦੀ ਪੰਦਰਵਾੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਹਫਤੇ 21 ਤੋਂ 27 ਨਵੰਬਰ ਤੱਕ ਜ਼ਿਲ੍ਹੇ 'ਚ ਸਿਹਤ ਕਰਮਚਾਰੀ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਪੱਕੇ ਸਾਧਨ ਅਪਨਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਬਾਅਦ 28 ਨਵੰਬਰ ਤੋਂ 04 ਦਸੰਬਰ ਤੱਕ ਪਰਿਵਾਰ ਨਿਯੋਜਨ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਨਸਬੰਦੀ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਅੱਜ ਸੀਐੱਚਸੀ ਕਰਤਾਰਪੁਰ ਵਿਖੇ ਵਿਸ਼ੇਸ਼ ਪਰਿਵਾਰ ਨਿਯੋਜਨ ਕੈਂਪ ਲਾਇਆ ਗਿਆ, ਜਿਸ ਵਿੱਚ 15 ਕੇਸ ਟੈਬੇਕਟਮੀ ਦੇ ਕੀਤੇ ਗਏ।