ਹਸਪਤਾਲਾਂ ’ਚ ਆਉਣ ਵਾਲੇ ਹਰੇਕ ਚੌਥੇ ਮਰੀਜ਼ ਨੂੰ ਨਜ਼ਲਾ, ਖੰਘ ਤੇ ਜ਼ੁਕਾਮ
ਹਸਪਤਾਲਾਂ ’ਚ ਇਲਾਜ ਲਈ ਆਉਣ ਵਾਲਿਆਂ ’ਚੋਂ ਹਰ ਚੌਥਾ ਮਰੀਜ਼ ਨਜ਼ਲਾ, ਖੰਘ ਤੇ ਜ਼ੁਕਾਮ ਦਾ
Publish Date: Thu, 20 Nov 2025 09:56 PM (IST)
Updated Date: Thu, 20 Nov 2025 09:58 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪਰਾਲੀ ਸੜਨ ਤੇ ਵਾਹਨਾਂ ਦੇ ਪ੍ਰਦੂਸ਼ਣ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀ ਹੈ। ਕਾਫ਼ੀ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਹਵਾ ’ਚ ਠਹਿਰੇ ਪੀਐੱਮ-2.5 ਤੇ ਪੀਐੱਮ-10 ਕਣ ਬਿਮਾਰੀਆਂ ਨੂੰ ਹੋਰ ਵਧਾ ਰਹੇ ਹਨ। ਦੂਜੇ ਪਾਸੇ, ਮੌਸਮ ’ਚ ਆ ਰਹੇ ਤੇਜ਼ ਬਦਲਾਅ ਕਾਰਨ ਬਿਮਾਰੀਆਂ ਨੂੰ ਹੋਰ ਵਾਧਾ ਮਿਲ ਰਿਹਾ ਹੈ। ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ’ਚ ਆ ਰਹੇ ਮਰੀਜ਼ਾਂ ’ਚੋਂ ਹਰ ਚੌਥਾ ਮਰੀਜ਼ ਨਜ਼ਲਾ, ਜ਼ੁਕਾਮ ਤੇ ਖੰਘ ਦਾ ਹੈ। ਪਿਛਲੇ 10 ਦਿਨਾਂ ’ਚ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਭਗ 50 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਬੱਚੇ ਵੀ ਵੱਡੀ ਗਿਣਤੀ ’ਚ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਡਾਕਟਰਾਂ ਦੇ ਮੁਤਾਬਕ ਇਸ ਦੌਰਾਨ ਹਵਾ ’ਚ ਰਾਈਨੋ ਵਾਇਰਸ ਤੇ ਇਨਫਲੂਐਂਜ਼ਾ ਵਾਇਰਸ ਦੀ ਮਾਤਰਾ ਵੱਧਣ ਕਰਕੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਹ ਲੋਕਾਂ ਨੂੰ ਇਕ-ਦੂਜੇ ਨਾਲ ਦੂਰੀ ਬਣਾਕੇ ਰੱਖਣ ਦੀ ਸਲਾਹ ਦੇ ਰਹੇ ਹਨ। --- ਹਵਾ ’ਚ ਦੂਸ਼ਿਤ ਕਣ ਤੇ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ ਦੋਗੁਣੀ : ਡਾ. ਭਾਟੀਆ ਗਲੋਬਲ ਹਸਪਤਾਲ ਦੇ ਡਾਇਰੈਕਟਰ ਡਾ. ਧੀਰਜ ਭਾਟੀਆ ਨੇ ਦੱਸਿਆ ਕਿ ਨਜ਼ਲਾ, ਜ਼ੁਕਾਮ ਤੇ ਖੰਘ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ 10 ਦਿਨਾਂ ’ਚ ਦੋਗੁਣੀ ਤੋਂ ਵੀ ਵੱਧ ਹੋ ਗਈ ਹੈ। ਪਹਿਲਾਂ ਰੋਜ਼ਾਨਾ ਓਪੀਡੀ ’ਚ ਆਉਣ ਵਾਲੇ 40 ਮਰੀਜ਼ਾਂ ’ਚੋਂ ਸਿਰਫ਼ 2-3 ਮਰੀਜ਼ ਇਹ ਸਮੱਸਿਆ ਲੈ ਕੇ ਆਉਂਦੇ ਸਨ, ਪਰ ਹੁਣ ਇਹ ਗਿਣਤੀ 10-12 ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਇਲਾਜ ’ਚ ਲਾਪਰਵਾਹੀ ਘਾਤਕ ਸਾਬਤ ਹੋ ਸਕਦੀ ਹੈ। --- ਲੁੜੀਦੀਆਂ ਦਵਾਈਆਂ ਦੀ ਮੰਗ ਭੇਜੀ : ਡਾ. ਸ਼ੂਰ ਸਿਵਲ ਹਸਪਤਾਲ ਦੇ ਮੈਡੀਕਲ ਵਿਭਾਗ ਦੇ ਡਾ. ਅਭਿਨਵ ਸ਼ੂਰ ਵੀ ਮੰਨਦੇ ਹਨ ਕਿ ਪ੍ਰਦੂਸ਼ਿਤ ਹਵਾ ਤੇ ਰਾਈਨੋ/ਇਨਫਲੂਐਂਜ਼ਾ ਵਾਇਰਸ ਕਾਰਨ ਖੰਘ, ਜ਼ੁਕਾਮ ਤੇ ਨਜ਼ਲੇ ਦੇ ਮਰੀਜ਼ ਵੱਧ ਰਹੇ ਹਨ। ਮੀਂਹ ਨਾ ਪੈਣ ਕਾਰਨ ਹਵਾ ’ਚ ਪ੍ਰਦੂਸ਼ਿਤ ਕਣ ਲੰਬੇ ਸਮੇਂ ਤੱਕ ਰੁਕੇ ਰਹਿੰਦੇ ਹਨ, ਜੋ ਮੂੰਹ ਤੇ ਨੱਕ ਰਾਹੀਂ ਸਰੀਰ ’ਚ ਦਾਖਲ ਹੋ ਕੇ ਬਿਮਾਰੀ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਮੰਗ ਭੇਜ ਦਿੱਤੀ ਗਈ ਹੈ। --- ਖੰਘਣ-ਛਿੱਕਣ ਨਾਲ ਫੈਲਦੇ ਕਣ ਵੀ ਵਜ੍ਹਾ : ਡਾ. ਭੂਸ਼ਣ ਪੈਥੋਲੋਜਿਸਟ ਡਾ. ਭਰਤ ਭੂਸ਼ਣ ਨੇ ਦੱਸਿਆ ਕਿ ਖੰਘਣ ’ਤੇ ਛਿੱਕਣ ਸਮੇਂ ਨਿਕਲਣ ਵਾਲੀਆਂ ਬੂੰਦਾਂ ਹਵਾ ’ਚ ਟਿਕੀਆਂ ਰਹਿੰਦੀਆਂ ਹਨ, ਜੋ ਸਿਹਤਮੰਦ ਲੋਕਾਂ ਨੂੰ ਵੀ ਬਿਮਾਰ ਕਰ ਸਕਦੀਆਂ ਹਨ। ਖੰਘ ਜਾਂ ਛਿੱਕ ਆਉਣ ਵੇਲੇ ਮੂੰਹ-ਨੱਕ ਢੱਕਣ ਨਾਲ ਬਿਮਾਰੀ ਦੇ ਫੈਲਾਅ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨਫਲੂਐਂਜ਼ਾ ਤੋਂ ਬਚਾਅ ਲਈ ਬਾਜ਼ਾਰ ’ਚ ਟੀਕਾ ਵੀ ਉਪਲਬਧ ਹੈ। --- ਸਿਵਲ ਹਸਪਤਾਲ ’ਚ ਦਵਾਈਆਂ ਦੀ ਕਿੱਲਤ ਪਿਛਲੇ 10 ਦਿਨਾਂ ’ਚ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਿਵਲ ਹਸਪਤਾਲ ’ਚ ਦਵਾਈਆਂ ਦੀ ਘਾਟ ਹੋ ਗਈ ਹੈ। ਮਰੀਜ਼ਾਂ ਨੂੰ ਫਾਰਮੇਸੀ ਤੋਂ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ ਹੈ ਤੇ ਦਵਾਈਆਂ ਬਾਹਰੋਂ ਖਰੀਦਣੀਆਂ ਪੈ ਰਹੀਆਂ ਹਨ। ਫਾਰਮੇਸੀ ’ਚ ਐਂਟੀਬਾਇਓਟਿਕ, ਕਫ਼ ਸਿਰਪ ਤੇ ਐਂਟੀ-ਐਲਰਜੀ ਦਵਾਈਆਂ ਦਾ ਯਥੋਚਿਤ ਸਟਾਕ ਨਹੀਂ ਹੈ। ਹਸਪਤਾਲ ਦੇ ਐੱਸਐੱਮਓ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਹਾਊਸ ’ਚ ਦਵਾਈਆਂ ਦੀ ਮੰਗ ਭੇਜ ਦਿੱਤੀ ਗਈ ਹੈ ਤੇ ਇਕ-ਦੋ ਦਿਨ ’ਚ ਸਟਾਕ ਮਿਲ ਜਾਵੇਗਾ। ਇਸ ਦੌਰਾਨ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਮਰੀਜ਼ਾਂ ਨੂੰ ਫਾਰਮੇਸੀ ’ਚ ਮੌਜੂਦ ਬੈਕਅੱਪ ਦਵਾਈਆਂ ਦਿੱਤੀਆਂ ਜਾਣ।