ਜ਼ਿਲ੍ਹਾ ਦਿਹਾਤੀ ਪੁਲਿਸ ਦੇ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਪੁਲਿਸ ਤੇ ਇਕ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਇਕ ਮੁਲਜ਼ਮ ਜ਼ਖ਼ਮੀ ਹੋ ਗਿਆ। ਗੋਲੀ ਉਸ ਦੀ ਬਾਂਹ ਵਿੱਚ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਮੁਲਜ਼ਮ ਕੋਲੋਂ ਇਕ ਪਿਸਤੌਲ ਬਰਾਮਦ ਕੀਤੀ ਹੈ।

ਅਕਸ਼ੇਦੀਪ ਸ਼ਰਮਾ/ਸੁਰਜੀਤ ਪਾਲ, ਪੰਜਾਬੀ ਜਾਗਰਣ, ਆਦਮਪੁਰ/ਕਿਸ਼ਨਗੜ੍ਹ : ਜ਼ਿਲ੍ਹਾ ਦਿਹਾਤੀ ਪੁਲਿਸ ਦੇ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਪੁਲਿਸ ਤੇ ਇਕ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਇਕ ਮੁਲਜ਼ਮ ਜ਼ਖ਼ਮੀ ਹੋ ਗਿਆ। ਗੋਲੀ ਉਸ ਦੀ ਬਾਂਹ ਵਿੱਚ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਮੁਲਜ਼ਮ ਕੋਲੋਂ ਇਕ ਪਿਸਤੌਲ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪਿੰਡ ਭੁਲੱਥ ਨਿਵਾਸੀ ਲਵਪ੍ਰੀਤ ਉਰਫ਼ ਲੱਭੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਲਾਵਲਪੁਰ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਪੁਲਿਸ ਟੀਮ ਸਮੇਤ ਗਸ਼ਤ ’ਤੇ ਸਨ। ਉਹ ਅਲਾਵਲਪੁਰ ਤੋਂ ਪਿੰਡ ਡੋਲਾ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਇਕ ਬਾਈਕ ਸਵਾਰ ਬਦਮਾਸ਼ ਨੇ ਪੁਲਿਸ ਨੂੰ ਵੇਖ ਕੇ ਨੇੜੇ ਪਏ ਖਾਲੀ ਪਲਾਟ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਮੀਂਹ ਕਾਰਨ ਬਾਈਕ ਫਿਸਲ ਗਈ ਅਤੇ ਉਹ ਡਿੱਗ ਪਿਆ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਮੁਲਜ਼ਮ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇਕ ਗੋਲੀ ਮੁਲਜ਼ਮ ਦੀ ਬਾਂਹ ਵਿੱਚ ਲੱਗੀ। ਜ਼ਖ਼ਮੀ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਇਕ ਪਿਸਤੌਲ ਅਤੇ ਰੌਂਦ ਬਰਾਮਦ ਕੀਤੇ।
ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 19 ਦਸੰਬਰ ਨੂੰ ਜਲੰਧਰ-ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਇਕ ਪੈਟਰੋਲ ਪੰਪ ’ਤੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਨੌਜਵਾਨ ਇਕੱਠੇ ਹੋਏ ਹੋਏ ਸਨ। ਇਸ ਦੌਰਾਨ ਤਿੰਨ ਕਾਰਾਂ ਵਿੱਚ ਆਏ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲਾਬਾਰੀ ਦੌਰਾਨ ਸ਼ਿਵਦਾਸਪੁਰਾ ਨਿਵਾਸੀ ਗੁਰਪ੍ਰੀਤ ਉਰਫ਼ ਗੋਪੀ ਅਤੇ ਸੌਰਵ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕੀਤੀ ਸੀ। ਪਹਿਲਾਂ ਇਕ ਮੁਲਜ਼ਮ ਲਖਵਿੰਦਰ ਉਰਫ਼ ਲੱਖਾ ਨੂੰ ਮੁਠਭੇੜ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਪਿੰਡ ਭੁਲੱਥ ਦਾ ਰਹਿਣ ਵਾਲਾ ਲਵਪ੍ਰੀਤ ਉਰਫ਼ ਲੱਭੀ ਫਰਾਰ ਚੱਲ ਰਿਹਾ ਸੀ। ਗੁਪਤ ਸੂਚਨਾ ਮਿਲਣ ’ਤੇ ਅਲਾਵਲਪੁਰ ਚੌਕੀ ਇੰਚਾਰਜ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਾਕਾਬੰਦੀ ਕੀਤੀ। ਇਸ ਦੌਰਾਨ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਮੁਲਜ਼ਮ ਬਿਨਾਂ ਨੰਬਰ ਦੀ ਬਾਈਕ ’ਤੇ ਆਉਂਦਾ ਦਿਖਾਈ ਦਿੱਤਾ। ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਉਹ ਭੱਜਣ ਲੱਗ ਪਿਆ ਅਤੇ ਡਿੱਗ ਗਿਆ। ਭੱਜਣ ਦੇ ਚੱਕਰ ਵਿੱਚ ਉਸ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ, ਜਿਸ ’ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜੋ ਉਸ ਦੀ ਬਾਂਹ ਵਿੱਚ ਲੱਗੀ। ਜ਼ਖ਼ਮੀ ਹਾਲਤ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਪਿਸਤੌਲ ਅਤੇ ਰੌਂਦ ਬਰਾਮਦ ਕੀਤੇ ਗਏ।