ਬਿਜਲੀ ਨੂੰ ਮੰਡੀ ਦੀ ਵਸਤੂ ਬਣਾਇਆ ਜਾ ਰਿਹੈ : ਕਾਮਰੇਡ ਕਾਲਾ
ਬਿਜਲੀ ਨੂੰ ਮੰਡੀ ਦੀ ਵਸਤੂ ਬਣਾਇਆ ਜਾ ਰਿਹੈ - ਕਿਸਾਨ ਤੇ ਮਜ਼ਦੂਰ ਆਗੂ
Publish Date: Thu, 18 Dec 2025 06:55 PM (IST)
Updated Date: Thu, 18 Dec 2025 06:58 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬਿਜਲੀ ਨੂੰ ਜਨਤਕ ਸੇਵਾ ਵਾਲੀਆਂ ਸਹੂਲਤਾਂ ’ਚ ਰੱਖਿਆ ਗਿਆ ਸੀ। ਬਿਜਲੀ ਦੀ ਸੇਵਾ ਮੁਨਾਫਾ ਰਹਿਤ ਸੀ। ਬਿਜਲੀ ਬਿੱਲ 2025 ਨੂੰ ਐਕਟ ਬਣਾ ਕੇ ਬਿਜਲੀ ਨੂੰ ਮੰਡੀ ਦੀ ਵਸਤੂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦੇ ਇਸ ਮਨਸੂਬੇ ਨੂੰ ਰੋਕਣ ਲਈ ਬੱਝਵੇਂ ਤੇ ਸਾਂਝੇ ਸੰਘਰਸ਼ ਦੀ ਲੋੜ ਹੈ। ਇਸ ਸੰਘਰਸ਼ ਨੂੰ ਵਿਸ਼ਾਲਤਾ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਪਹਿਲ ਕਦਮੀ ਤਹਿਤ ਅੱਜ ਇਕ ਦਰਜਨ ਤੋਂ ਵੱਧ ਜੱਥੇਬੰਦੀਆਂ ਦੇ ਆਧਾਰ ਸਥਾਨਕ ਅਨਾਜ ਮੰਡੀ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਬਿਜਲੀ ਸੋਧ ਬਿੱਲ 225 ਤੇ ਸੀਡ ਬਿੱਲ ਨੂੰ ਵਾਪਸ ਕਰਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣ ਤੇ ਠੇਕਾ ਕਰਮੀਆਂ ਦੀ ਭਰਵੀਂ ਹਮਾਇਤ ਸਬੰਧੀ ਘੋਲ ਨੂੰ ਤਿਖੇਰੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਵਰਿੰਦਰ ਪਾਲ ਕਾਲਾ, ਬੂਟਾ ਸਿੰਘ ਮੁਰੀਦਵਾਲ, ਗੁਰਬਖਸ਼ ਕੌਰ ਤੇ ਰਣਜੀਤ ਸਿੰਘ ਨੇ ਕੀਤੀ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਪਾਰਲੀਮੈਂਟ ’ਚ ਪੇਸ਼ ਕਰਨ ਦੇ ਅਗਲੇ ਦਿਨ ਪੰਜਾਬ ’ਚ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਰੇਲਾਂ ਰੋਕਣ ਦੇ ਫੈਸਲੇ ਤਹਿਤ ਫਿਲੌਰ ਰੇਲਵੇ ਫਾਟਕ ਤੇ ਰੇਲਾਂ ਰੋਕੀਆਂ ਜਾਣਗੀਆਂ। 28 ਦਸੰਬਰ ਨੂੰ ਸ਼ਾਹਕੋਟ ’ਚ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਪਿੰਡ ਢੰਡੋਵਾਲ ਤੇ ਹੋਰ ਪਿੰਡਾਂ ਤੋਂ ਹੁੰਦਾ ਹੋਇਆ ਪਰਜੀਆਂ ਕਲਾਂ ਰੁਕੇਗਾ। ਇਥੋਂ ਚੱਲ ਕੇ ਮਾਡਲ ਥਾਣਾ ਸ਼ਾਹਕੋਟ ਅੱਗੇ ਰੁਕੇਗਾ। 16 ਜਨਵਰੀ 2026 ਨੂੰ ਐੱਸਈ ਦਫਤਰ ਜਲੰਧਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ’ਚ ਮਾਸਟਰ ਗੁਰਚਰਨ ਸਿੰਘ ਚਾਹਲ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਾਮਰੇਡ ਵਰਿੰਦਰ ਪਾਲ ਕਾਲਾ ਸੀਨੀਅਰ ਆਗੂ ਕੁੱਲ ਹਿੰਦ ਕਿਸਾਨ ਸਭਾ, ਗਿਆਨ ਸੈਦਪੁਰੀ ਸੂਬਾ ਪ੍ਰੈੱਸ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਬੂਟਾ ਸਿੰਘ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਰਣਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਸੁਖਜਿੰਦਰ ਲਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਗੁਰਮੀਤ ਕੋਟਲੀ ਆਗੂ ਡੀਟੀਐੱਫ, ਜਿੰਦਰ ਬਾਗਪੁਰ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ, ਗੁਰਬਖਸ਼ ਕੌਰ ਸੀਨੀਅਰ ਆਗੂ ਪੇਂਡੂ ਮਜ਼ਦੂਰ ਯੂਨੀਅਨ, ਮੱਖਣ ਸਿੰਘ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਾਮਰੇਡ ਗੁਰਸੇਵਕ ਸੇਠ, ਬਲਕਾਰ ਸਿੰਘ ਨੰਬਰਦਾਰ ਫਾਜਲਵਾਲ, ਬਲਰਾਜ ਸਿੰਘ ਕਾਹਲੋ, ਵਿਜੇ ਕੁਮਾਰ, ਜਸਪਾਲ ਸਿੰਘ ਸੰਢਾਵਾਲ, ਕਰਮਜੀਤ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ ਧੰਜੂ, ਬਿੱਟੂ ਰੂਪੇਵਾਲੀ ਤੇ ਨਾਨਕ ਰਾਮ ਸ਼ਾਮਲ ਸਨ।