ਬਜ਼ੁਰਗ ਹੋ ਰਹੇ ਨੇ ਖੱਜਲ, 26 ਦਿਨਾਂ ਬਾਅਦ ਵੀ ਨਹੀਂ ਮਿਲੀ ਪੈਨਸ਼ਨ
ਬੈਂਕਾਂ ਦੇ ਚੱਕਰ ਲਾਉਂਦਿਆਂ ਬਜ਼ੁਰਗਾਂ ਦੇ ਗੋਡੇ ਥੱਕੇ, 26 ਦਿਨਾਂ ਬਾਅਦ ਵੀ ਨਹੀਂ ਮਿਲੀ ਪੈਨਸ਼ਨ
Publish Date: Wed, 26 Nov 2025 07:06 PM (IST)
Updated Date: Wed, 26 Nov 2025 07:08 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਬੈਂਕਾਂ ਦੇ ਚੱਕਰ ਲਾ-ਲਾ ਕੇ ਬਜ਼ੁਰਗਾਂ ਦੇ ਗੋਡੇ ਦੁੱਖਣ ਲੱਗ ਪਏ ਨੇ ਪਰ 26 ਤਰੀਕ ਹੋਣ ਦੇ ਬਾਵਜੂਦ ਅੱਜ ਤੱਕ ਬਜ਼ੁਰਗਾਂ, ਅੰਗਹੀਣਾਂ ਨੂੰ ਪੈਨਸ਼ਨ ਨਸੀਬ ਨਹੀਂ ਹੋਈ। ਬਹੁਤੇ ਬਜ਼ੁਰਗਾਂ ਕੋਲ ਮੋਬਾਈਲ ਫੋਨ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਂਕ ਆ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਖਾਤਿਆਂ 'ਚ ਪੈਨਸ਼ਨ ਆਈ ਹੈ ਜਾਂ ਨਹੀਂ। ਕਈ ਵਾਰੀ ਉਹ ਇਕ-ਦੂਜੇ ਨੂੰ ਪੁੱਛਦੇ ਰਹਿੰਦੇ ਹਨ ਕਿ ਪੈਨਸ਼ਨ ਤਾਂ ਨਹੀਂ ਆਈ ਤੇ ਇਹ ਵਰਤਾਰਾ ਹਰ ਰੋਜ਼ ਇਸੇ ਤਰ੍ਹਾਂ ਹੀ ਜਾਰੀ ਰਹਿੰਦਾ ਹੈ। ਇਸ ਕਾਰਨ ਬਜ਼ੁਰਗਾਂ ਤੇ ਅੰਗਹੀਣਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦੀਆਂ ਅੰਬੇਡਕਰ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸੋਢੀ ਖੋਸਲਾ ਨੇ ਕਿਹਾ ਕਿ ਬਜ਼ੁਰਗ ਤੇ ਅੰਗਹੀਣ ਪਿਛਲੇ ਦੋ-ਤਿੰਨ ਹਫਤਿਆਂ ਤੋਂ ਬੈਂਕਾਂ ਦੇ ਚੱਕਰ ਲਾ ਰਹੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਤੇ ਨਾ ਹੀ ਕਿਸੇ ਬੈਂਕ ਅਧਿਕਾਰੀ ਵੱਲੋਂ ਕੋਈ ਪੱਕੀ ਡੇਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਂਜ ਮਹੀਨੇ ਦੀ 10 ਜਾਂ 11 ਤਰੀਕ ਤੱਕ ਬੁਢਾਪਾ ਪੈਨਸ਼ਨ ਉਨ੍ਹਾਂ ਨੂੰ ਮਿਲ ਜਾਂਦੀ ਸੀ ਪਰ ਇਸ ਮਹੀਨੇ ਤਾਂ ਹੱਦ ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲੋਂ ਤਾਂ ਹਰਿਆਣਾ ਵਾਲੇ ਵਧੀਆ ਹਨ ਤੇ ਉਨ੍ਹਾਂ ਨੂੰ 2500 ਰੁਪਏ ਤੋਂ ਵੀ ਉੱਪਰ ਪੈਨਸ਼ਨ ਮਿਲਦੀ ਹੈ ਉਹ ਵੀ ਸਮੇਂ ਸਿਰ।