ਹੁਸ਼ਿਆਰਪੁਰ 'ਚ ਝਗੜਾ ਛੁਡਾਉਣ ਗਏ ਬਜ਼ੁਰਗ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ PGI ਪਹੁੰਚੀ ਪੁਲਿਸ
ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਪੀਜੀਆਈ ਪਹੁੰਚ ਗਈ ਹੈ ਅਤੇ ਜ਼ਖਮੀ ਬਜ਼ੁਰਗ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Publish Date: Fri, 15 May 2026 04:31 PM (IST)
Updated Date: Fri, 15 May 2026 04:51 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਚੱਬੇਵਾਲ ਹਲਕੇ ਦੇ ਪਿੰਡ ਜੈਤਪੁਰ ਦੀ ਦੱਸੀ ਜਾ ਰਹੀ ਵਾਇਰਲ ਵੀਡੀਓ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੱਬੇਵਾਲ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਜੈਤਪੁਰ ਵਿੱਚ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਰਹੀ ਸੀ। ਇਸ ਦੌਰਾਨ ਕਰੀਬ 55 ਤੋਂ 60 ਸਾਲ ਉਮਰ ਦਾ ਇੱਕ ਵਿਅਕਤੀ ਉਥੇ ਪਹੁੰਚ ਗਿਆ ਅਤੇ ਬਹਿਸ ਵਿੱਚ ਦਖਲ ਦੇਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਬਹਿਸ ਦੌਰਾਨ ਇੱਕ ਧਿਰ ਵੱਲੋਂ ਉਸ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਤੁਰੰਤ ਮਾਹਿਲਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਹਥਿਆਰ ਨਾਲ ਸੱਟਾਂ ਲੱਗੀਆਂ ਹਨ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੱਗੇ ਇਲਾਜ ਲਈ ਪੀਜੀਆਈ, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਪੀਜੀਆਈ ਪਹੁੰਚ ਗਈ ਹੈ ਅਤੇ ਜ਼ਖਮੀ ਬਜ਼ੁਰਗ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖਮੀ ਬਜ਼ੁਰਗ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਸਕੀ ਹੈ।