ਫਾਰਮਾਸਿਉਟੀਕਲ ਕੰਪਨੀਆਂ ਨੂੰ ਸੰਮਨ ਭੇਜੇਗੀ ਈਡੀ
ਦਵਾਈਆਂ ਵੇਚਣ ਵਾਲੀਆਂ ਫਾਰਮਾਸਿਉਟੀਕਲ ਕੰਪਨੀਆਂ ਨੂੰ ਈਡੀ ਭੇਜੇਗੀ ਸਮਨ
Publish Date: Thu, 11 Dec 2025 09:00 PM (IST)
Updated Date: Thu, 11 Dec 2025 09:03 PM (IST)
--ਮਾਮਲਾ ਕੰਪਨੀਆਂ ਤੋਂ ਪਾਬੰਦੀਸ਼ੁਦਾ ਦਵਾਈ ਮੰਗਵਾ ਕੇ ਬਲੈਕ ’ਚ ਵੇਚਣ ਦਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਸ਼ਾ ਤਸਕਰਾਂ ਦੇ ਜ਼ਰੀਏ ਕਰੋੜਾਂ ਦੀ ਟ੍ਰਾਮਾਡੋਲ ਤੇ ਐਲਪ੍ਰਾਜ਼ੋਲਮ ਵਰਗੀਆਂ ਪਾਬੰਦੀਸ਼ੁਦਾ ਗੋਲੀਆਂ ਵੇਚਣ ਵਾਲੇ ਮੁਲਜ਼ਮ ਅਭਿਸ਼ੇਕ ਕੁਮਾਰ ਤੋਂ ਈਡੀ ਪੁੱਛਗਿੱਛ ਕਰ ਰਹੀ ਹੈ ਤੇ ਇਸ ਦੌਰਾਨ ਫਾਰਮਾਸਿਊਟਿਕਲ ਕੰਪਨੀਆਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਲੋੜ ਪੈਣ 'ਤੇ ਇਨ੍ਹਾਂ ਕੰਪਨੀਆਂ ਨੂੰ ਸੰਮਨ ਭੇਜੇ ਜਾ ਸਕਦੇ ਹਨ। ਮੁਲਜ਼ਮ ਅਭਿਸ਼ੇਕ ਇਸ ਵੇਲੇ ਛੇ ਦਿਨ ਦੇ ਈਡੀ ਰਿਮਾਂਡ 'ਤੇ ਹੈ। ਈਡੀ ਹਿਰਾਸਤ ’ਚ ਉਸ ਤੋਂ 3.75 ਕਰੋੜ ਦੀ ਕਮਾਈ ਦੇ ਸਰੋਤ ਤੇ ਇਸ ਦੀ ਖਪਤ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਨੇ ਜਾਂਚ ਦੌਰਾਨ 16 ਥਾਵਾਂ 'ਤੇ ਰੇਡ ਕਰਕੇ ਮਿਲੇ ਦਸਤਾਵੇਜ਼ ਮੁਲਜ਼ਮ ਨੂੰ ਦਿਖਾਏ ਹਨ ਤੇ ਉਸ ਤੋਂ ਗੈਰਕਾਨੂੰਨੀ ਲੈਣ-ਦੇਣ ਬਾਰੇ ਸਵਾਲ ਕੀਤੇ ਜਾ ਰਹੇ ਹਨ। ਈਡੀ ਬਾਇਓਜੇਨੇਟਿਕ ਡਰਗਜ਼ ਪ੍ਰਾਈਵੇਟ ਲਿਮਟਿਡ, ਸੀਬੀ ਹੈਲਥਕੇਅਰ, ਸਮੀਲੇਕਲ ਫਾਰਮਾਸ਼ੈਮ ਡਰੱਗ ਇੰਡਸਟਰੀ, ਅਸਤਰ ਫਾਰਮਾ, ਸੋਲ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵਗੈਰਾ ਕੰਪਨੀਆਂ ਦੇ ਪੂਰੇ ਅੰਤਰਰਾਜੀ ਨੈੱਟਵਰਕ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਤੋਂ ਅਭਿਸ਼ੇਕ ਨੇ ਟ੍ਰਾਮਾਡੋਲ ਤੇ ਐਲਪ੍ਰਾਜ਼ੋਲਮ ਦੀ ਵੱਡੀ ਖੇਪ ਖਰੀਦੀ ਸੀ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਇਨ੍ਹਾਂ ਕੰਪਨੀਆਂ ਨੂੰ ਵੀ ਸੰਮਨ ਜਾਰੀ ਹੋ ਸਕਦੇ ਹਨ।
75 ਫੀਸਦੀ ਸਟਾਕ ਖੁੱਲ੍ਹੀ ਮਾਰਕੀਟ ’ਚ ਵੇਚਦਾ ਰਿਹਾ ਮੁਲਜ਼ਮ
ਈਡੀ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਖ–ਵੱਖ ਥੋਕ ਵਪਾਰੀਆਂ ਤੇ ਰਿਟੇਲਰਾਂ ਰਾਹੀਂ ਵੀ ਦਵਾ ਉਤਪਾਦਕ ਕੰਪਨੀਆਂ ਤੋਂ ਵੱਡੀ ਮਾਤਰਾ ’ਚ ਸਾਇਕੋਟਰੋਪਿਕ ਗੋਲੀਆਂ ਖਰੀਦਦਾ ਸੀ ਤੇ ਨਸ਼ਾ ਤਸਕਰਾਂ ਦੇ ਜ਼ਰੀਏ ਇਸਨੂੰ ਰਿਟੇਲ ਤੋਂ ਵੀ ਮਹਿੰਗੇ ਭਾਵ ਬਲੈਕ ਮਾਰਕੀਟ ’ਚ ਵੇਚਦਾ ਸੀ। ਅਭਿਸ਼ੇਕ ਕੁਮਾਰ ਨੇ ਆਪਣੀ ਫਰਮ ‘ਸ਼੍ਰੀ ਸ਼ਿਆਮ ਮੈਡੀਕਲ ਏਜੰਸੀ’ ਬਣਾਈ ਹੋਈ ਸੀ। ਈਡੀ ਉਨ੍ਹਾਂ ਨਸ਼ਾ ਤਸਕਰਾਂ ਤੇ ਰਿਟੇਲ ਵਪਾਰੀਆਂ ਦੀ ਵੀ ਪਹਿਚਾਣ ਕਰ ਰਹੀ ਹੈ, ਜਿਨ੍ਹਾਂ ਨੂੰ 75 ਫੀਸਦੀ ਸਟਾਕ ਬਾਹਰ ਖੁੱਲ੍ਹੀ ਮਾਰਕੀਟ ’ਚ ਬਿਨਾਂ ਕਿਸੇ ਬਹੀ-ਖਾਤੇ ਦੇ ਵੇਚਿਆ ਗਿਆ ਸੀ। ਇਸਦੇ ਨਾਲ ਹੀ ਈਡੀ ਉਹ ਸਾਰੀ ਚੱਲ ਤੇ ਅਚੱਲ ਸੰਪਤੀਆਂ ਵੀ ਖੰਗਾਲ ਰਹੀ ਹੈ, ਜੋ 3.75 ਕਰੋੜ ਦੇ ਗੈਰਕਾਨੂੰਨੀ ਪੈਸੇ ਨਾਲ ਖਰੀਦੀ ਗਈ ਹੈ। ਸੰਪਤੀਆਂ ਦੀ ਪੂਰੀ ਪਹਿਚਾਣ ਤੇ ਪੱਕੇ ਸਬੂਤ ਮਿਲਣ ’ਤੇ ਈਡੀ ਮਨੀ ਲਾਂਡਰਿੰਗ ਐਕਟ ਅਧੀਨ ਇਹ ਸੰਪਤੀਆਂ ਅਸਥਾਈ ਤੌਰ ’ਤੇ ਜ਼ਬਤ ਕਰ ਸਕਦੀ ਹੈ। ਮੁਲਜ਼ਮ ਦਾ ਰਿਮਾਂਡ ਪੂਰਾ ਹੋਣ ’ਤੇ ਉਸਨੂੰ 15 ਦਸੰਬਰ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।