ਹੜਤਾਲ ਕਾਰਨ ਸਰਕਾਰੀ ਬੈਂਕਾਂ ਦਾ ਕੰਮਕਾਜ ਠੱਪ, ਕਰੋੜਾਂ ਦਾ ਲੈਣ-ਦੇਣ ਰੁਕਿਆ
ਹੜਤਾਲ ਕਾਰਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਬੈਂਕਾਂ ਦਾ ਕੰਮਕਾਜ ਰਿਹਾ ਠੱਪ, ਕਰੋੜਾਂ ਦਾ ਲੈਣ-ਦੇਣ ਰੁਕਿਆ
Publish Date: Tue, 27 Jan 2026 06:09 PM (IST)
Updated Date: Tue, 27 Jan 2026 06:13 PM (IST)

-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਜਲੰਧਰ ਯੂਨਿਟ ਨੇ ਕੀਤੀ ਹੜਤਾਲ -ਬੈਂਕ ਮੁਲਾਜ਼ਮ ਨੇ ਪੰਜ ਦਿਨਾ ਬੈਂਕਿੰਗ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ ਬੈਂਕਾਂ ’ਚ ਹੜਤਾਲ ਕਾਰਨ ਕਰੋੜਾਂ ਰੁਪਏ ਦਾ ਲੈਣ-ਦੇਣ ਪ੍ਰਭਾਵਿਤ ਹੋਇਆ। ਬੈਂਕ ਬੰਦ ਰਹਿਣ ਕਾਰਨ ਕਾਰੋਬਾਰੀਆ ਤੇ ਲੋਕਾਂ ਦੇ ਚੈੱਕ ਕਲੀਅਰ ਨਹੀਂ ਸਕੇ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੜਤਾਲ ਤੇ ਛੁੱਟੀਆ ਦੇ ਮੱਦੇਨਜ਼ਰ ਏਟੀਐੱਮਜ਼ ’ਚ ਕੈਸ਼ ਪਹਿਲਾਂ ਹੀ ਪਾ ਦਿੱਤਾ ਗਿਆ ਸੀ ਤਾਂ ਜੋ ਆਮ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ਤੇ ਬੈਂਕ ਮੁਲਾਜ਼ਮਾਂ ਨੇ ਆਪਣੀ ਲੰਬੇ ਸਮੇਂ ਤੋਂ ਲਟਕਦੀ ਤੇ ਜਾਇਜ਼ ਮੰਗ-ਪੰਜ ਦਿਨਾਂ ਬੈਂਕਿੰਗ ਪ੍ਰਣਾਲੀ ਨੂੰ ਲਾਗੂ ਕਰਨ ਦੇ ਸਮਰਥਨ ’ਚ ਸਿਵਲ ਲਾਈਨਜ਼ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਸਾਹਮਣੇ ਵਿਸ਼ਾਲ ਗੇਟ ਰੈਲੀ ਕੀਤੀ। ਹੜਤਾਲੀ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਮੰਗਾਂ ਤੁਰੰਤ ਮੰਨਣ ਲਈ ਆਵਾਜ਼ ਬੁਲੰਦ ਕੀਤੀ। ਇਸ ਰੈਲੀ ਨੂੰ ਕਾਮਰੇਡ ਵਿਨੇ ਡੋਗਰਾ, ਕਾਮਰੇਡ ਵਿਨੋਦ ਸ਼ਰਮਾ, ਕਾਮਰੇਡ ਬਲਜੀਤ ਕੌਰ, ਕਾਮਰੇਡ ਐੱਚਐੱਸ ਵੀਰ, ਕਾਮਰੇਡ ਰਾਜਕੁਮਾਰ ਭਗਤ, ਕਾਮਰੇਡ ਰਮੇਸ਼ ਭਗਤ, ਕਾਮਰੇਡ ਆਕਾਸ਼ ਬਖਸ਼ੀ, ਕਾਮਰੇਡ ਮੁਨੀਸ਼ ਕੁਮਾਰ,, ਕਾਮਰੇਡ ਰਾਜੇਸ਼ ਕ੍ਰਿਚ, ਕਾਮਰੇਡ ਹਨੀ ਜਾਖੂ, ਕਾਮਰੇਡ ਸੁਨੀਲ ਕਪੂਰ, ਕਾਮਰੇਡ ਅਤੁਲ ਲਾਰੋਈਆ ਤੇ ਕਾਮਰੇਡ ਅਸ਼ੋਕ ਕੁਮਾਰ ਨੇ ਸੰਬੋਧਨ ਕੀਤਾ। ਆਗੂਆਂ ਨੇ ਪੰਜ ਦਿਨਾਂ ਦੇ ਬੈਂਕਿੰਗ ਹਫ਼ਤੇ ਨੂੰ ਤੁਰੰਤ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਸਰਕਾਰ ਦੁਆਰਾ ਦੋ-ਪੱਖੀ ਸਮਝੌਤੇ ਵਿਚ ਸਵੀਕਾਰ ਕਰ ਲਿਆ ਗਿਆ ਹੈ ਪਰ ਇਸ ਨੂੰ ਅੱਜ ਤੱਕ ਬੈਂਕਿੰਗ ਉਦਯੋਗ ਵਿਚ ਲਾਗੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸਰਕਾਰੀ ਵਿਭਾਗ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ ਨੂੰ ਲਾਗੂ ਕਰਦੇ ਹਨ ਪਰ ਬੈਂਕ ਕਰਮਚਾਰੀਆਂ ਨੂੰ ਇਸ ਵਿਸ਼ੇਸ਼ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਬੈਂਕ ਨਿੱਜੀਕਰਨ, ਜਨਤਕ ਖੇਤਰ ਦੇ ਬੈਂਕਾਂ ਵਿੱਚ ਵਿਨਿਵੇਸ਼ ਅਤੇ ਬੀਮਾ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਵਧਾਉਣ ਵਰਗੀਆਂ ਸਰਕਾਰੀ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਰਤ ਕਾਨੂੰਨਾਂ ਵਿਚ ਪ੍ਰਸਤਾਵਿਤ ਸੋਧਾਂ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਨੌਕਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਰੈਲੀ ਦੌਰਾਨ ਬੈਂਕਾਂ ਵਿਚ ਸਟਾਫ ਦੀ ਭਾਰੀ ਘਾਟ ਦਾ ਮੁੱਦਾ ਵੀ ਉਭਾਰਿਆ ਗਿਆ, ਜਿਸ ਕਾਰਨ ਮੌਜੂਦਾ ਕਰਮਚਾਰੀਆਂ ਤੇ ਬਹੁਤ ਜ਼ਿਆਦਾ ਕੰਮ ਦਾ ਬੋਝ ਅਤੇ ਮਾਨਸਿਕ ਤਣਾਅ ਪੈ ਰਿਹਾ ਹੈ ਅਤੇ ਗਾਹਕ ਸੇਵਾ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਬੈਂਕਾਂ ਦੇ ਸੁਚਾਰੂ ਕੰਮਕਾਜ ਲਈ ਤੁਰੰਤ ਵੱਡੇ ਪੱਧਰ ਤੇ ਭਰਤੀ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਆਰਕੇ ਜੌਲੀ, ਕਾਮਰੇਡ ਜਗਪ੍ਰੀਤ ਸਿੰਘ, ਕਾਮਰੇਡ ਸੰਨੀ ਸ਼ਰਮਾ, ਕਾਮਰੇਡ ਡਿੰਪਲ ਨੰਦਾ, ਕਾਮਰੇਡ ਪੂਜਾ, ਕਾਮਰੇਡ ਜੇਐੱਸ ਸਿਆਲ, ਕਾਮਰੇਡ ਰਾਜਿੰਦਰ, ਕਾਮਰੇਡ ਆਰਕੇ ਠਾਕੁਰ, ਕਾਮਰੇਡ ਕਮਲਜੀਤ ਸਿੰਘ, ਕਾਮਰੇਡ ਬੀ.ਸੀ. ਜੋਸ਼ੀ, ਕਾਮਰੇਡ ਯੋਜੀਤ ਕੁਮਾਰ, ਕਾਮਰੇਡ ਸੁਨੀਲ ਕਪੂਰ, ਕਾਮਰੇਡ ਇੰਦਰਜੀਤ ਸਿੰਘ, ਕਾਮਰੇਡ ਅਮਿਤ ਵਿਜ, ਕਾਮਰੇਡ ਸ਼ਸ਼ੀ ਕੁਮਾਰ, ਕਾਮਰੇਡ ਅਤੁਲ ਸੋਢੀ, ਕਾਮਰੇਡ ਦੀਪਕ ਸ਼ਰਮਾ, ਕਾਮਰੇਡ ਗੁਰਮੇਲ ਸਿੰਘ, ਕਾਮਰੇਡ ਸੁਰਜੀਤ ਕੁਮਾਰ, ਕਾਮਰੇਡ ਸਾਕਸ਼ੀ ਮਿੱਢਾ, ਕਾਮਰੇਡ ਦਿਵਿਆ ਗੁਪਤਾ, ਕਾਮਰੇਡ ਨਿਤਿਨ ਗੁਪਤਾ, ਕਾਮਰੇਡ ਮਨਪ੍ਰੀਤ ਸਿੰਘ, ਕਾਮਰੇਡ ਸ਼ਾਮਲ ਸਨ। ਅਸ਼ੋਕ ਕੁਮਾਰ, ਕਾਮਰੇਡ ਰਣਜੀਤ ਸਿੰਘ, ਕਾਮਰੇਡ ਰਵਨੀਤ ਸੋਨਪਾਲ, ਕਾਮਰੇਡ ਨਰਿੰਦਰ ਖੰਨਾ ਅਤੇ ਕਾਮਰੇਡ ਰੀਨਾ ਮੌਜੂਦ ਸਨ। --- ਲਗਾਤਾਰ 4 ਦਿਨ ਬੈਂਕ ਬੰਦ ਰਹਿਣ ਕਾਰਨ ਆਮ ਜਨਤਾ ਪਰੇਸ਼ਾਨ ਮੰਗਲਵਾਰ ਦੀ ਹੜਤਾਲ ਤੋਂ ਪਹਿਲਾਂ ਛੁੱਟੀਆ ਰਹਿਣ ਕਾਰਨ ਬੈਂਕ ਬੰਦ ਰਹੇ, ਜਿਸ ਕਾਰਨ ਆਮ ਲੋਕਾਂ ਤੇ ਕਾਰੋਬਾਰੀਆ ਨੂੰ ਆਪਣੇ ਚੈੱਕ ਕਲੀਅਰ ਕਰਵਾਉਣ ਤੇ ਹੋਰ ਲੈਣ-ਦੇਣ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ 24 ਨੂੰ ਮਹੀਨੇ ਦਾ ਆਖਰੀ ਸ਼ਨਿੱਚਰਵਾਰ ਹੋਣ ਕਾਰਨ ਤੇ ਫਿਰ ਐਤਵਾਰ ਦੀ ਹਫਤਾਵਰੀ ਛੁੱਟੀ ਸੀ। ਸੋਮਵਾਰ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਣ ਕਰਕੇ ਬੈਂਕ ਬੰਦ ਸੀ ਅਤੇ ਮੰਗਲਵਾਰ ਨੂੰ ਹੜਤਾਲ ਕਾਰਨ ਲਗਾਤਾਰ ਚਾਰ ਦਿਨ ਬੈਂਕ ਬੰਦ ਰਹੇ। ਬੈਂਕ ਬੰਦ ਹੋਣ ਨਾਲ ਕੰਮ ਕਾਫੀ ਪ੍ਰ੍ਭਾਵਿਤ ਰਿਹਾ। ਜ਼ਿਲ੍ਹੇ ਦੇ ਲੀਡ ਬੈਂਕ ਮੈਨੇਜਰ ਮੋਹਨ ਸਿੰਘ ਮੋਤੀ ਨੇ ਦੱਸਿਆ ਕਿ ਬੈਂਕ ਚਾਰ ਦਿਨ ਲਗਾਤਾਰ ਬੰਦ ਰਹਿਣ ਕਾਰਨ ਬੈਂਕਾਂ ਦਾ ਕੰਮਕਾਜ ਠੱਪ ਰਿਹਾ ਪਰ ਆਨਲਾਈਨ ਕਾਰੋਬਾਰ ਜਾਰੀ ਰਿਹਾ। ਇਸ ਦੇ ਨਾਲ ਹੀ ਏਟੀਐੱਮਜ਼ ’ਚ ਲੁੜੀਂਦੇ ਕੈਸ਼ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਆਵੇ।