ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਬਿਮਾਰ, ਗਲੀਆਂ ’ਚ ਖੜ੍ਹਾ ਰਹਿੰਦੈ ਸੀਵਰੇਜ ਦਾ ਪਾਣੀ
ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਬਿਮਾਰ, ਗਲੀਆਂ ’ਚ ਖੜ੍ਹਾ ਰਹਿੰਦੈ ਸੀਵਰੇਜ ਦਾ ਪਾਣੀ
Publish Date: Fri, 09 Jan 2026 10:00 PM (IST)
Updated Date: Fri, 09 Jan 2026 10:03 PM (IST)

-ਜਾਗਰਣ ਤੁਹਾਡੇ ਦੁਆਰ-- -ਇਲਾਕਾ ਵਾਸੀ ਜਾਇਦਾਦਾਂ ਵੇਚਣ ਲਈ ਮਜਬੂਰ ਕਾਲੋਨੀਆਂ ਵਿਕਸਿਤ ਹੋ ਗਈਆਂ ਪਰ ਸੀਵਰੇਜ ਨਿਕਾਸੀ ਦੀ ਸਮਰੱਥਾ ਨਹੀਂ ਵਧਾਈ ਗਈ ਪੱਤਰ ਪ੍ਰੇਰਕ, ਪੰਜਾਬੀ ਜਗਰਣ, ਜਲੰਧਰ-ਵਾਰਡ ਨੰਬਰ ਦੋ ਅਧੀਨ ਆਉਂਦੇ ਜ਼ਿਆਦਾਤਰ ਇਲਾਕਿਆਂ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕਾਰਨ ਇਲਾਕੇ ਦੇ ਲੋਕ ਬਿਮਾਰ ਪੈ ਰਹੇ ਹਨ। ਕਈ ਵਾਰ ਡਾਇਰੀਆ ਦੇ ਮਾਮਲਿਆਂ ਸੰਬੰਧੀ ਸ਼ਿਕਾਇਤਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਬਾਵਜੂਦ ਦੂਸ਼ਿਤ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਉੱਪਰੋਂ ਸਾਲ 2011 ਤੋਂ ਬਾਅਦ ਇਥੇ ਕਈ ਕਾਲੋਨੀਆਂ ਵਿਕਸਿਤ ਹੋ ਚੁੱਕੀਆਂ ਹਨ ਪਰ ਉਸ ਸਮੇਂ ਪਾਈ ਗਈ ਸੀਵਰੇਜ ਪ੍ਰਣਾਲੀ ਦੀ ਸਮਰੱਥਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਕਾਰਨ ਵਾਰਡ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਇਕੱਠਾ ਰਹਿੰਦਾ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਆਪਣੀ ਪ੍ਰਾਪਰਟੀ ਵੇਚਣ ਲਈ ਤਿਆਰ ਹਨ, ਪਰ ਇਲਾਕੇ ਦੀ ਹਾਲਤ ਦੇਖ ਕੇ ਕੋਈ ਖਰੀਦਦਾਰ ਅੱਗੇ ਨਹੀਂ ਆ ਰਿਹਾ। ਜਾਗਰਣ ਤੁਹਾਡੇ ਦੁਆਰ ਤਹਿਤ ਜਾਗਰਣ ਸਮੂਹ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ। ਇਸ ਦੌਰਾਨ ਗੁਰਚਰਨ ਸਿੰਘ, ਅਰਵਿੰਦ ਕੁਮਾਰ, ਸੰਤੋਸ਼ ਕੁਮਾਰ, ਮਾਤਾ ਦੀਨ, ਦਵਿੰਦਰ ਬੇਰੀ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਦਿਨੇਸ਼ ਕੁਮਾਰ, ਰਾਜਨ ਕੁਮਾਰ, ਸੁਰਜੀਤ ਸਿੰਘ, ਰਾਜੂ ਪ੍ਰਧਾਨ, ਲਖਵਿੰਦਰ ਸਿੰਘ, ਸਤੀਸ਼ ਚਾਵਲਾ, ਤਰਸੇਮ ਲਾਲ, ਸੁਰਿੰਦਰ ਜੈਨ ਅਤੇ ਜੋਗਿੰਦਰ ਪ੍ਰਧਾਨ ਨੇ ਆਪਣੇ ਵਿਚਾਰ ਰੱਖੇ। --- ਦੋ ਵਿੱਚੋਂ ਇੱਕ ਮੋਟਰ ਵੀ ਬੰਦ ਹੋਵੇ ਤਾਂ ਦੂਸ਼ਿਤ ਪਾਣੀ ਆਉਣ ਲੱਗ ਪੈਂਦਾ ਹੈ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਰਾਜੂ ਪ੍ਰਧਾਨ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਲਈ ਦੋ ਮੋਟਰਾਂ ਲੱਗੀਆਂ ਹੋਈਆਂ ਹਨ ਪਰ ਜੇ ਦੋ ਵਿੱਚੋਂ ਇੱਕ ਵੀ ਮੋਟਰ ਬੰਦ ਹੋ ਜਾਵੇ ਤਾਂ ਤੁਰੰਤ ਦੂਸ਼ਿਤ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਨਾਲ ਲਗਭਗ ਦੋ ਹਜ਼ਾਰ ਦੀ ਆਬਾਦੀ ਪ੍ਰਭਾਵਿਤ ਹੋ ਰਹੀ ਹੈ। -- ਪਾਈਪਾਂ ਦੀ ਸਮਰੱਥਾ ਨਹੀਂ ਵਧਾਈ, ਨਤੀਜੇ ਵਜੋਂ ਸੀਵਰੇਜ ਜਾਮ ਲਖਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਸਾਲ 2011 ਵਿੱਚ ਸੀਵਰੇਜ ਵਿਛਾਈ ਗਈ ਸੀ। ਉਸ ਤੋਂ ਬਾਅਦ ਆਸ-ਪਾਸ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਪਰ ਸੀਵਰੇਜ ਪਾਈਪਾਂ ਦੀ ਸਮਰੱਥਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਕਾਰਨ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। --- ਸੀਵਰੇਜ ਦਾ ਪਾਣੀ ਵਾਪਸ ਚੜ੍ਹਦਾ ਹੈ ਸਤੀਸ਼ ਕੁਮਾਰ ਚਾਵਲਾ ਨੇ ਦੱਸਿਆ ਕਿ ਇਲਾਕੇ ਵਿੱਚ ਸੀਵਰੇਜ ਦਾ ਪਾਣੀ ਵਾਪਸ ਘਰਾਂ ਵੱਲ ਆ ਜਾਂਦਾ ਹੈ। ਨਿਕਾਸੀ ਦੀ ਵਿਵਸਥਾ ਠੀਕ ਨਾ ਹੋਣ ਕਰਕੇ ਵਰ੍ਹੇ ਦੇ ਦਿਨਾਂ ਵਿੱਚ ਕਈ ਕਈ ਦਿਨ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਕਾਲੋਨੀਆਂ ਦੇ ਹਿਸਾਬ ਨਾਲ ਸੀਵਰੇਜ ਨਿਕਾਸੀ ਦੀ ਪੱਕੀ ਵਿਵਸਥਾ ਕਰਨ ਦੀ ਲੋੜ ਹੈ। --- ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ ਗੰਦਾ ਪਾਣੀ ਵਾਰਡ ਦੇ ਹੀ ਬਚਿੰਤ ਨਗਰ ਦੇ ਰਹਿਣ ਵਾਲੇ ਤਰਸੇਮ ਲਾਲ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਹੈ। ਇਸੇ ਕਾਰਨ ਕਈ ਵਾਰ ਪਾਣੀ ਵਿੱਚੋਂ ਬਦਬੂ ਵੀ ਆਉਂਦੀ ਹੈ। ਅਜਿਹਾ ਪਾਣੀ ਨਾ ਪੀਣ ਜੋਗਾ ਰਹਿੰਦਾ ਹੈ ਅਤੇ ਨਾ ਹੀ ਇਸ ਨਾਲ ਨਹਾਉਣਾ ਜਾਂ ਕੱਪੜੇ ਧੋਣਾ ਸੰਭਵ ਹੁੰਦਾ ਹੈ। ਮਜਬੂਰੀਵੱਸ ਕਈ ਵਾਰ ਨੇੜਲੀਆਂ ਕਾਲੋਨੀਆਂ ਤੋਂ ਪਾਣੀ ਲਿਆਉਣਾ ਪੈਂਦਾ ਹੈ। --- ਸੀਵਰੇਜ ਦੀ ਸਫਾਈ ਸਿਰਫ਼ ਰਸਮ ਬਣ ਕੇ ਰਹਿ ਗਈ ਇਲਾਕੇ ਦੇ ਦੁਕਾਨਦਾਰ ਸੁਰਿੰਦਰ ਜੈਨ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਸਿਰਫ਼ ਰਸਮੀ ਕਾਰਵਾਈ ਬਣ ਕੇ ਰਹਿ ਗਈ ਹੈ। ਕਈ ਵਾਰ ਮੰਗ ਕਰਨ ਉਪਰਾਂਤ ਜੋ ਕਰਮਚਾਰੀ ਸਫਾਈ ਲਈ ਆਉਂਦੇ ਹਨ, ਉਹ ਪੂਰੀ ਨਿਕਾਸੀ ਤੱਕ ਜਾਣ ਦੀ ਬਜਾਏ ਸਿਰਫ਼ ਉਪਰ-ਉਪਰੋਂ ਕੰਮ ਕਰ ਜਾਂਦੇ ਹਨ। ਨਤੀਜੇ ਵਜੋਂ ਕੁਝ ਸਮੇਂ ਬਾਅਦ ਫਿਰ ਸੀਵਰੇਜ ਜਾਮ ਹੋ ਜਾਂਦੀ ਹੈ। ਇਹ ਹਾਲਤ ਪਰਸ਼ੁਰਾਮ ਨਗਰ, ਰੇਰੂ ਅਤੇ ਹਰਗੋਬਿੰਦ ਨਗਰ ਵਿੱਚ ਬਣੀ ਹੋਈ ਹੈ। --- ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਕਮੀ, ਸਾਲ ਭਰ ਸੀਵਰੇਜ ਦੀ ਸਮੱਸਿਆ ਜੋਗਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਰਹਿੰਦੀ ਹੈ। ਦਿਨ ਵਿੱਚ ਬਹੁਤ ਘੱਟ ਸਮੇਂ ਲਈ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਅਤੇ ਉਸ ਵਿੱਚ ਵੀ ਅਕਸਰ ਦੂਸ਼ਿਤ ਪਾਣੀ ਆਉਂਦਾ ਹੈ। ਦੂਜੇ ਪਾਸੇ ਸੀਵਰੇਜ ਜਾਮ ਦੀ ਸਮੱਸਿਆ ਸਾਲ ਭਰ ਬਣੀ ਰਹਿੰਦੀ ਹੈ। ਇਸ ਸਬੰਧੀ ਕਈ ਵਾਰ ਮੇਅਰ ਅਤੇ ਨਿਗਮ ਪ੍ਰਸ਼ਾਸਨ ਕੋਲ ਮਸਲਾ ਚੁੱਕਿਆ ਗਿਆ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ। --- ਫਿਲਟਰ ਲਗਵਾਉਣਾ ਬਣਿਆ ਮਜਬੂਰੀ ਹਰਗੋਬਿੰਦ ਨਗਰ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਲਗਾਤਾਰ ਬਿਮਾਰ ਪੈ ਰਹੇ ਹਨ, ਜਿਸ ਕਾਰਨ ਮਜਬੂਰੀ ਵਸ਼ ਘਰਾਂ ਵਿੱਚ ਪਾਣੀ ਦੇ ਫਿਲਟਰ ਲਗਵਾਉਣੇ ਪੈ ਰਹੇ ਹਨ। ਇਸ ਤੋਂ ਇਲਾਵਾ, ਸੀਵਰੇਜ ਦੀ ਸਫਾਈ ਦੌਰਾਨ ਕੱਢਿਆ ਗਿਆ ਗਾਰਾ ਅਕਸਰ ਓਥੇ ਹੀ ਪਿਆ ਰਹਿੰਦਾ ਹੈ, ਜੋ ਮੁੜ ਸੀਵਰੇਜ ਵਿੱਚ ਚਲਾ ਜਾਂਦਾ ਹੈ। ਸੀਵਰੇਜ ਜਾਮ ਹੋਣ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। --- ਸੀਵਰੇਜ ਸਮੱਸਿਆ ਕਾਰਨ ਜਾਇਦਾਦ ਨਹੀਂ ਵਿਕ ਰਹੀ ਰਾਜਨ ਕੁਮਾਰ ਨੇ ਕਿਹਾ ਕਿ ਵਾਰਡ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸੇ ਕਾਰਨ ਲੋਕ ਇਲਾਕਾ ਛੱਡਣਾ ਚਾਹੁੰਦੇ ਹਨ ਪਰ ਸਮੱਸਿਆਵਾਂ ਦੇ ਕਾਰਨ ਕੋਈ ਵੀ ਪ੍ਰਾਪਰਟੀ ਖਰੀਦਣ ਲਈ ਤਿਆਰ ਨਹੀਂ। ਬੱਚਿਆਂ ਲਈ ਸਕੂਲ ਜਾਣਾ ਮੁਸ਼ਕਲ ਹੋ ਗਿਆ ਹੈ ਅਤੇ ਕਈ ਵਾਰ ਇਲਾਕੇ ਵਿੱਚੋਂ ਲੰਘਦਿਆਂ ਹਾਦਸੇ ਵੀ ਵਾਪਰ ਰਹੇ ਹਨ।