ਟ੍ਰੈਫਿਕ ਸਮੱਸਿਆ ਦੇ ਹੱਲ ਲਈ ਐਕਸ਼ਨ ਮੋਡ ’ਚ ਡੀਐੱਸਪੀ ਸੁਖਪਾਲ ਸਿੰਘ
ਟ੍ਰੈਫਿਕ ਸਮੱਸਿਆ ਦੇ ਹੱਲ੍ਹ ਲਈ ਐਕਸ਼ਨ ਮੋਡ ‘ਚ ਡੀਐੱਸਪੀ ਸੁਖਪਾਲ ਸਿੰਘ
Publish Date: Fri, 05 Dec 2025 08:50 PM (IST)
Updated Date: Sat, 06 Dec 2025 04:15 AM (IST)

ਬਾਜ਼ਾਰ ਦਾ ਦੌਰਾ ਕਰ ਕੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਦਿੱਤੀ ਚੇਤਾਵਨੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸ਼ਹਿਰ ’ਚ ਲੰਬੇ ਸਮੇਂ ਤੋਂ ਟ੍ਰੈਫਿਕ ਜਾਮ ਦੀ ਗੰਭੀਰ ਸਮੱਸਿਆ ‘ਚ ਹੁਣ ਸੁਧਾਰ ਹੋਣ ਦੀ ਆਸ ਬੱਝੀ ਹੈ। ਬੀਤੇ ਦਿਨ ਹੀ ਨਕੋਦਰ ਤੋਂ ਬਦਲ ਕੇ ਆਏ ਡੀਐੱਸਪੀ ਸੁਖਪਾਲ ਸਿੰਘ ਨੇ ਆਉਂਦੇ ਹੀ ਸ਼ਹਿਰ ਦੀ ਸਭ ਤੋਂ ਵੱਡੀ ਸਿਰਦਰਦੀ ਬਣੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਕਮਰਕੱਸੇ ਕਰ ਲਏ ਹਨ। ਡੀਐੱਸਪੀ ਵੱਲੋਂ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਤੇ ਪੁਲਿਸ ਟੀਮ ਸਮੇਤ ਸ਼ਾਹਕੋਟ ਦੇ ਮੇਨ ਬਾਜ਼ਾਰ ਤੇ ਮੋਗਾ ਰੋਡ ਦਾ ਪੈਦਲ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖੁਦ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈ ਕੇ ਟ੍ਰੈਫਿਕ ਜਾਮ ਦੇ ਮੁੱਖ ਕਾਰਨ ਦਾ ਪਤਾ ਲਾਇਆ। ਇਸ ਦੌਰਾਨ ਪਾਇਆ ਗਿਆ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ, ਪੈਸੇ ਲੈ ਕੇ ਰੇਹੜੀਆਂ ਲਗਵਾਉਣਾ ਤੇ ਬੇ-ਤਰਤੀਬੇ ਢੰਗ ਨਾਲ ਖੜ੍ਹੇ ਵਾਹਨ ਹੀ ਇਸ ਸਮੱਸਿਆ ਦੀ ਜੜ੍ਹ ਹਨ। ਡੀਐੱਸਪੀ ਸੁਖਪਾਲ ਸਿੰਘ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿੱਤੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤੇ ਨਿਰਧਾਰਤ ਹੱਦ ਤੋਂ ਬਾਹਰ ਸਾਮਾਨ ਰੱਖ ਕੇ ਆਵਾਜਾਈ ’ਚ ਵਿਘਨ ਨਾ ਪਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿਚ ਨਾਜਾਇਜ਼ ਕਬਜ਼ੇ ਪਾਏ ਗਏ ਤਾਂ ਬਿਨਾ ਕਿਸੇ ਪੱਖਪਾਤ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਟ੍ਰੈਫਿਕ ਜਾਮ ਕਾਰਨ ਹਰ ਵਰਗ ਦਾ ਨੁਕਸਾਨ ਹੁੰਦਾ ਹੈ। ਟ੍ਰੈਫਿਕ ਸਮੱਸਿਆ ਕਾਰਨ ਆਮ ਲੋਕ ਬਾਜ਼ਾਰ ’ਚ ਆਉਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਇਸ ’ਚ ਆਮ ਜਨਤਾ ਤੇ ਦੁਕਾਨਦਾਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਡਿਊਟੀ ਦੌਰਾਨ ਮੁਸਤੈਦ ਰਹਿਣ ਤੇ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਕਰਨ। ਬਾਕਸ-- ਥੋੜ੍ਹੇ ਦਿਨ ਹੀ ਰਿਹਾ ਨਗਰ ਪੰਚਾਇਤ ਦੀ ਅਪੀਲ ਦਾ ਅਸਰ ਸ਼ਹਿਰ ’ਚ ਦੁਕਾਨਦਾਰਾਂ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਸਬੰਧੀ ਨਗਰ ਪੰਚਾਇਤ ਵੱਲੋਂ ਕੀਤੀ ਕਾਰਵਾਈ ਦਾ ਅਸਰ ਥੋੜ੍ਹੇ ਦਿਨ ਹੀ ਦਿਸਿਆ। ਨਗਰ ਪੰਚਾਇਤ ਵੱਲੋਂ ਪਿਛਲੇ ਦਿਨੀਂ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ ਸੀ। ਕੁੱਝ ਦਿਨ ਉਸ ਅਪੀਲ ਦਾ ਅਸਰ ਵੇਖਣ ਨੂੰ ਮਿਲਿਆ ਪਰ ਮੁੜ ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਲਏ ਗਏ। ਸ਼ਹਿਰ ਦੇ ਮੇਨ ਬਜ਼ਾਰ, ਮੋਗਾ ਰੋਡ, ਸਲੈਚਾਂ ਰੋਡ, ਸੈਦਪੁਰ ਰੋਡ ਤੇ ਮਲਸੀਆਂ ਰੋਡ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਆਮ ਲੋਕਾਂ ਦਾ ਲੰਘਣਾ ਕਾਫ਼ੀ ਮੁਸ਼ਕਲ ਹੈ, ਉਥੇ ਹੀ ਐਮਰਜੈਂਸੀ ਹਾਲਾਤਾਂ ’ਚ ਐਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ।