ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਗਲੀ ’ਚ ਕੀਤਾ ਹੰਗਾਮਾ
ਅੱਧੀ ਰਾਤ ਨੂੰ ਸ਼ਰਾਬੀ ਨੌਜਵਾਨਾਂ ਨੇ ਘਰ ’ਚ ਦਾਖਲ ਹੋ ਕੇ ਇਕ ਬਜ਼ੁਰਗ ਜੋੜੇ ਨੂੰ ਦਿੱਤੀ ਧਮਕੀ
Publish Date: Thu, 20 Nov 2025 10:55 PM (IST)
Updated Date: Fri, 21 Nov 2025 04:16 AM (IST)
ਅੱਧੀ ਰਾਤ ਨੂੰ ਸ਼ਰਾਬੀ ਨੌਜਵਾਨਾਂ ਨੇ ਘਰ ’ਚ ਦਾਖਲ ਹੋ ਕੇ ਇਕ ਬਜ਼ੁਰਗ ਜੋੜੇ ਨੂੰ ਦਿੱਤੀ ਧਮਕੀ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ 8 ਖੇਤਰ ਅਧੀਨ ਆਉਂਦੇ ਸੋਢਲ ਰੋਡ ਤੇ ਬੁੱਧਵਾਰ ਰਾਤ ਤਕਰੀਬਨ 12:30 ਵਜੇ ਸ਼ਰਾਬੀ ਨੌਜਵਾਨਾਂ ਨੇ ਕਾਲੀ ਮਾਤਾ ਮੰਦਰ ਲੇਨ ’ਚ ਇਕ ਬਜ਼ੁਰਗ ਜੋੜੇ ਦੇ ਘਰ ਤੇ ਹਮਲਾ ਕਰ ਕੇ ਦਹਿਸ਼ਤ ਫੈਲਾਅ ਦਿੱਤੀ। ਜਾਣਕਾਰੀ ਅਨੁਸਾਰ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਤੇ ਘਰ ’ਚ ਦਾਖਲ ਹੁੰਦੇ ਹੀ ਚਮਨ ਲਾਲ ਤੇ ਉਸਦੀ ਪਤਨੀ ਵਿਦਿਆ ਦੇਵੀ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਨੂੰ ਗੰਭੀਰ ਦੇਖ ਕੇ ਬਜ਼ੁਰਗ ਜੋੜਾ ਆਪਣੀ ਜਾਨ ਬਚਾਉਣ ਲਈ ਛੱਤ ਤੇ ਇਕ ਕਮਰੇ ’ਚ ਲੁਕ ਗਿਆ। ਘਰ ’ਚ ਦਾਖਲ ਹੋ ਕੇ ਗਾਲ੍ਹਾਂ ਕੱਢਣ ਤੋਂ ਬਾਅਦ ਹਮਲਾਵਰ ਗਲੀ ’ਚ ਖੜ੍ਹੇ ਹੋ ਗਏ ਤੇ ਭੱਜਣ ਤੋਂ ਪਹਿਲਾਂ ਉਨ੍ਹਾਂ ਨੂੰ ਧਮਕੀਆਂ ਦਿੰਦੇ ਤੇ ਚੀਕਦੇ ਰਹੇ। ਘਟਨਾ ਦੌਰਾਨ ਉਨ੍ਹਾਂ ਨੇ ਗਲੀ ਦੇ ਕਈ ਘਰਾਂ ਦੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ, ਜਿਸ ਨਾਲ ਇਲਾਕੇ ਦੇ ਵਸਨੀਕਾਂ ’ਚ ਦਹਿਸ਼ਤ ਫੈਲ ਗਈ। ਆਂਢ-ਗੁਆਂਢ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ’ਚੋਂ ਦੋ ਨੌਜਵਾਨ ਸਨ, ਜੋ ਹਾਲ ਹੀ ’ਚ ਜੇਲ੍ਹ ਤੋਂ ਰਿਹਾਅ ਹੋਏ ਸਨ। ਇਸ ਘਟਨਾ ਨੇ ਬਜ਼ੁਰਗਾਂ ਤੇ ਇਲਾਕੇ ਦੇ ਵਸਨੀਕਾਂ ਨੂੰ ਡਰ ਦੀ ਸਥਿਤੀ ’ਚ ਛੱਡ ਦਿੱਤਾ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ।