ਜੇਲ੍ਹ ’ਚੋਂ ਜ਼ਮਾਨਤ ’ਤੇ ਆ ਕੇ ਨਸ਼ਾ ਤਸਕਰੀ ਕਰਨ ਵਾਲਾ ਟਰੈਵਲ ਏਜੰਟ ਗ੍ਰਿਫਤਾਰ

ਸੀਆਈਏ ਸਟਾਫ ਦੀ ਪੁਲਿਸ ਨੇ ਮੁਲਜ਼ਮ ਕੋਲੋਂ 200 ਗ੍ਰਾਮ ਹੈਰੋਇਨ ਕੀਤੀ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਦਿਹਾਤੀ ਦੀ ਪੁਲਿਸ ਨੇ ਗਸ਼ਤ ਦੌਰਾਨ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਕਤ ਨਸ਼ਾ ਤਸਕਰ ਠੱਗੀ ਦੇ ਮਾਮਲੇ ਵਿਚ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆ ਕੇ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨਸ਼ੇ ਖਿਲਾਫ ਮੁਹਿੰਮ ਦੀ ਲੜੀ ਤਹਿਤ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੁਸ਼ਪ ਬਾਲੀ ਵੱਲੋਂ ਇੰਸਪੈਕਟਰ ਨਿਰਮਲ ਸਿੰਘ ਦੀ ਅਗਵਾਈ ਹੇਠ ਟੀਮ ਬਣਾ ਕੇ ਉਸ ਨੂੰ ਥਾਣਾ ਪਤਾਰਾ ਦੇ ਇਲਾਕੇ ਵਿੱਚ ਨਸ਼ਾ ਤਸਕਰਾਂ ਤੇ ਠੱਲ ਪਾਉਣ ਲਈ ਗਸ਼ਤ ’ਤੇ ਭੇਜਿਆ ਗਿਆ। ਜਦ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਪਿੰਡਾਂ ਵਿੱਚੋਂ ਹੁੰਦੇ ਹੋਏ ਜੰਡੂ ਸਿੰਘਾ ਵੱਲ ਜਾ ਰਹੇ ਸਨ ਤਾਂ ਹੁਸ਼ਿਆਰਪੁਰ ਗੇਟ ਪਿੰਡ ਜੌਹਲਾ ਮੱਛੀ ਲਾਗੇ ਇੱਕ ਨੌਜਵਾਨ ਮੋਟਰਸਾਈਕਲ ’ਤੇ ਬੈਠਾ ਹੋਇਆ ਦਿਖਾਈ ਦਿੱਤਾ। ਜਦ ਉਸ ਨੌਜਵਾਨ ਨੇ ਪੁਲਿਸ ਪਾਰਟੀ ਦੀ ਗੱਡੀ ਦੇਖੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤੇ ਮੌਕੇ ਤੋਂ ਖਿਸਕਣ ਲੱਗਾ। ਪੁਲਿਸ ਪਾਰਟੀ ਨੇ ਸਰਕਾਰੀ ਗੱਡੀ ਉਸ ਦੇ ਮੋਟਰਸਾਈਕਲ ਅੱਗੇ ਲਗਾ ਦਿੱਤੀ। ਪੁਲਿਸ ਪਾਰਟੀ ਨੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਜੌਹਨ ਵਾਸੀ ਗੁਰੂ ਅਰਜੁਨ ਪੁਰਾ ਫਗਵਾੜਾ ਦੱਸਿਆ। ਜਦ ਪੁਲਿਸ ਪਾਰਟੀ ਨੇ ਉਸ ਦੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਸੀਟ ਹੇਠਾਂ ਪੁਲਿਸ ਨੂੰ ਹੈਰੋਇਨ ਮਿਲੀ, ਜਿਸ ਦਾ ਵਜ਼ਨ ਕਰਨ ’ਤੇ ਉਹ 200 ਗ੍ਰਾਮ ਨਿਕਲੀ, ਜਿਸ ਤੇ ਪੁਲਿਸ ਪਾਰਟੀ ਵਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਪਤਾਰਾ ਵਿੱਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਜਦ ਉਸ ਕੋਲੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਕਪੂਰਥਲਾ ਸਾਈਡ ਤੋਂ ਹੈਰੋਇਨ ਲਿਆ ਕੇ ਜਲੰਧਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਨਸ਼ੇੜੀਆਂ ਨੂੰ ਵੇਚ ਕੇ ਮੋਟਾ ਮੁਨਾਫਾ ਕਮਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਖਿਲਾਫ ਨਵਾਂ ਸ਼ਹਿਰ ਦੇ ਥਾਣੇ ਵਿੱਚ ਠੱਗੀ ਦੇ ਮਾਮਲੇ ਦਰਜ ਹਨ, ਜਿਸ ਵਿੱਚ ਉਹ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਜੇਲ ’ਚੋਂ ਜ਼ਮਾਨਤ ’ਤੇ ਆੳਣ ਤੋਂ ਬਾਅਦ ਉਹ ਦੁਬਾਰਾ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗ ਪਿਆ। ਉਸ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ ਕਪੂਰਥਲਾ ਵਿੱਚ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਪੁਲਿਸ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰਕੇ ਉਸ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।