ਡਰਾਈਵਿੰਗ ਟਰੈਕ ’ਤੇ ਚੌਥੇ ਦਿਨ ਵੀ ਬਿਨੈਕਾਰ ਪਰੇਸ਼ਾਨ
19 ਤੱਕ ਰਹੇਗੀ ਸਰਵਰ
Publish Date: Thu, 11 Dec 2025 11:24 PM (IST)
Updated Date: Thu, 11 Dec 2025 11:27 PM (IST)
19 ਤੱਕ ਰਹੇਗੀ ਸਰਵਰ ਅਪਗ੍ਰੇਡ ਦੀ ਸਮੱਸਿਆ
ਜਾਸੰ, ਜਲੰਧਰ : ਜਲੰਧਰ ਦੇ ਆਟੋਮੇਟਿਡ ਡਰਾਈਵਿੰਗ ਟਰੈਕ ’ਤੇ ਲਗਾਤਾਰ ਚੌਥੇ ਦਿਨ ਵੀਰਵਾਰ ਨੂੰ ਵੀ ਬਿਨੈਕਰਾਂ ਦੀ ਪਰੇਸ਼ਾਨੀ ਬਰਕਰਾਰ ਰਹੀ। ਸਰਵਰ ਹੌਲੀ ਹੋਣ ਕਾਰਨ ਟਰੈਕ ’ਤੇ ਪੂਰਾ ਦਿਨ ਕੰਮ ਤਾਂ ਚੱਲਿਆ ਪਰ ਬਿਨੈਕਾਰਾਂ ਦੀ ਕਤਾਰ ਲੱਗੀ ਰਹੀ। ਟਰੈਕ ’ਤੇ ਡਰਾਈਵਿੰਗ ਟੈਸਟ ਦੇ ਪੂਰੇ ਸਲਾਟ ਦਾਕੰਮ ਹੋਇਆ ਪਰ ਸਰਵਰ ਦੇ ਹੌਲੀ ਹੋਣ ਕਾਰਨ ਬਿਨੈਕਾਰਾਂ ਨੂੰ ਕਤਾਰ ’ਚ ਇੰਤਜ਼ਾਰ ਕਰਨਾ ਪਿਆ। ਲਗਾਤਾਰ ਪਰੇਸ਼ਾਨੀ ਦਾ ਕਾਰਨ ਪੁੱਛੇ ਜਾਣ ਦੇ ਸਵਾਲ ’ਤੇ ਟਰੈਕ ਦੇ ਇੰਚਾਰਜ ਏਆਰਟੀਓ ਵਿਸ਼ਾਲ ਗੋਇਲ ਨੇ ਦੱਸਿਆ ਕਿ ਸਰਵਰ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਅਗਲੇ ਹਫਤੇ ਤੱਕ ਭਾਵ 19 ਦਸੰਬਰ ਤੱਕ ਇਹ ਸਮੱਸਿਆ ਰਹੇਗੀ।
ਆਰਟੀਓ ਦਫਤਰ ਦੇ ਕਾਊਂਟਰ ’ਤੇ ਵੀ ਰਹੀ ਭੀੜ
ਪੰਜਾਬ ਸਰਕਾਰ ਟ੍ਰਾਂਸਪੋਰਟ ਸੇਵਾਵਾਂ ਨੂੰ ਆਨਲਾਈਨ ਕਰਨ ਦੇ ਦਾਅਵਿਆਂ ਦੇ ਬਾਵਜੂਦ ਵੀਰਵਾਰ ਨੂੰ ਆਰਟੀਓ ਦਫਤਰ ’ਚ ਹਾਲਾਤ ਬਿਲਕੁੱਲ ਉਲਟ ਰਹੇ। ਦਫਤਰ ਦੇ ਕਾਊਂਟਰ ’ਤੇ ਕਾਫੀ ਗਿਣਤੀ ’ਚ ਲੋਕ ਆਰਸੀ ਅਪਰੂਵਲ, ਚਾਲਾਨ ਨਿਪਟਾਉਣ ਤੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਆਦਿ ਦੇ ਕੰਮਾਂ ਲਈ ਘੰਟਿਆਂ ਲਾਈਨਾਂ ’ਚ ਖੜ੍ਹੇ ਨਜ਼ਰ ਆਏ। ਲੋਕਾਂ ਦਾ ਗੁੱਸਾ ਸੀ ਕਿ ਸਰਕਾਰ ਕਹਿੰਦੀ ਹੈ ਕੇ ਜ਼ਿਆਦਾਤਰ ਕੰਮ ਆਨਲਾਈਨ ਹੋ ਚੁੱਕੇ ਹਨ ਪਰ ਦਫਤਰ ’ਚ ਆ ਕੇ ਲਾਈਨਾਂ ’ਚ ਲੱਗਣਾ ਹੀ ਪੈਂਦਾ ਹੈ। ਇਸ ਚੱਕਰ ’ਚ ਪੂਰਾ ਦਿਨ ਖਰਾਬ ਹੋ ਜਾਂਦਾ ਹੈ।
ਸਟਾਂਪ ਪੇਪਰ ਮਿਲਣ ਤੇ ਫੀਸ ਜਮ੍ਹਾਂ ਕਰਾਉਣ ’ਚ ਹੋਈ ਦੇਰ
ਸਰਕਾਰੀ ਪੋਰਟਲ ਦੇ ਸਰਵਰ ’ਚ ਸਮੱਸਿਆ ਦੇ ਕਾਰਨ ਸਟਾਂਪ ਪੇਪਰ ਮਿਲਣ ਤੇ ਫੀਸ ਜਮ੍ਹਾਂ ਕਰਾਉਣ ’ਚ ਵੀਰਵਾਰ ਨੂੰ ਪਰੇਸ਼ਾਨੀ ਹੋਈ। ਸਟਾਕ ਹੋਲਡਿੰਗ ਕੰਪਨੀ ਦਾ ਸਰਵਰ ਸਵੇਰੇ ਕੰਮ ਨਹੀਂ ਕਰ ਰਿਹਾ ਸੀ, ਜਿਥੇ ਦੁਪਹਿਰ ਲਗਪਗ 12 ਵਜੇ ਤੋਂ ਸਟਾਂਪ ਪੇਪਰ ਮਿਲਣ ਤੇ ਫੀਸ ਜਮ੍ਹਾਂ ਕਰਵਾਉਣ ਦਾ ਕੰਮ ਸ਼ੁਰੂ ਹੋਇਆ। ਇਸ ਦੇ ਕਾਰਨ ਪ੍ਰਾਪਰਟੀ ਰਜਿਸਟਰੀ ਦੇ ਕੰਮ ’ਚ ਵੀ ਦੇਰੀ ਹੋਈ। ਠੇਕਾ ਕੰਪਨੀ ਦੀ ਟੀਮ ਸ਼ਾਮ ਲਗਪਗ 6 ਵਜੇ ਤੱਕ ਸਰਵਰ ਠੀਕ ਕਰਨ ’ਚ ਲੱਗੀ ਰਹੀ। ਉਨ੍ਹਾਂ ਦੱਸਿਆ ਕਿ ਸਰਵਰ ਦੀ ਸਮਰੱਥਾ ਤੋਂ ਵੱਧ ਲੋਡ ਹੋਣ ਕਾਰਨ ਅਜਿਹੀ ਸਮੱਸਿਆ ਪੈਦਾ ਹੋਈ।