ਡਾ. ਸੰਘਾ ਨੇ ਸੰਭਾਲਿਆ ਪ੍ਰਿੰਸੀਪਲ ਦਾ ਜ਼ਿੰਮਾ
ਗੁਰੂ ਨਾਨਕ ਨੈਸ਼ਨਲ ਕਾਲਜ ’ਚ ਡਾ. ਇੰਦਰਜੀਤ ਸਿੰਘ ਸੰਘਾ ਨੇ ਸੰਭਾਲੀ ਪ੍ਰਿੰਸੀਪਲ ਦੀ ਜਿੰਮੇਵਾਰੀ
Publish Date: Sat, 22 Nov 2025 08:02 PM (IST)
Updated Date: Sat, 22 Nov 2025 08:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਾ ਇੰਦਰਜੀਤ ਸਿੰਘ ਸੰਘਾ ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਰੀਰਕ ਸਿੱਖਿਆ ਵਿਭਾਗ ’ਚ ਬਤੌਰ ਵਿਭਾਗ ਮੁੱਖੀ ਸੇਵਾ ਨਿਭਾ ਰਹੇ ਹਨ, ਨੂੰ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡਾ. ਇੰਦਰਜੀਤ ਸਿੰਘ ਕਾਲਜ ਦੇ ਪਹਿਲੇ ਪ੍ਰੋਫੈਸਰ ਹਨ, ਜਿਨ੍ਹਾਂ ਕਾਲਜ ’ਚ ਸਭ ਤੋਂ ਪਹਿਲਾਂ ਪੀਐੱਚਡੀ ਦੀ ਯੋਗਤਾ ਸਾਲ 1993 ’ਚ ਹਾਸਲ ਕੀਤੀ ਸੀ। ਡਾ. ਇੰਦਰਜੀਤ ਸਿੰਘ ਜੋ ਕਿ ਆਪ ਵੀ ਇਕ ਅੰਤਰਰਾਸ਼ਟਰੀ ਪੱਧਰ ’ਤੇ ਸੋਨ ਤਮਗਾ ਜੇਤੂ ਖਿਡਾਰੀ ਹਨ, ਦੀ ਲਗਭਗ 35 ਸਾਲ ਦੀ ਸੇਵਾ ਦੌਰਾਨ ਕਾਲਜ ਦੇ ਖਿਡਾਰੀਆਂ ਨੇ ਤਕਰੀਬਨ 17 ਖੇਡਾਂ ’ਚ ਅੰਤਰਰਾਸ਼ਟਰੀ, ਰਾਸ਼ਟਰੀ, ਅੰਤਰ ਯੂਨੀਵਰਸਿਟੀ ਤੇ ਯੂਨੀਵਰਸਿਟੀ ਪੱਧਰ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਡਾ. ਇੰਦਰਜੀਤ ਸਿੰਘ ਆਪਣੀ ਜੀਵਨ ਸਾਥਨ ਪ੍ਰੋਫੈਸਰ ਡਾ. ਚਰਨਜੀਤ ਕੌਰ ਸਮੇਤ ਦੇਸ਼ ’ਚ ਕੋਈ 20 ਮੁਸ਼ਕਲ ਪਹਾੜੀ ਟਰੈਕ ਤੇ ਚੋਟੀਆਂ ਵੀ ਸਰ ਕਰ ਚੁੱਕੇ ਹਨ। ਕਾਲਜ ’ਚ ਵਿਭਾਗ ਦੇ ਕੰਮਾਂ ਦੇ ਨਾਲ-ਨਾਲ ਯੂਥ ਕਲੱਬ ਦੇ ਕੋਆਰਡੀਨੇਟਰ, ਟਾਈਮ ਟੇਬਲ ਇੰਚਾਰਜ, ਕਾਲਜ ਪ੍ਰੀਖਿਆ ਕੋਆਰਡੀਨੇਟਰ, ਰਜਿਸਟਰਾਰ ਤੇ ਕਾਲਜ ਮੈਗਜ਼ੀਨ ਸੰਪਾਦਕ ਦੀ ਜਿੰਮੇਵਾਰੀ ਵੀ ਸਫ਼ਲਤਾਪੂਰਵਕ ਨਿਭਾਅ ਰਹੇ ਹਨ।