ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਚਿਆਂ ਦੀ ਮਦਦ ਲਈ ਉਪਰਾਲਾ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਬੱਚਿਆਂ ਦੀ ਮਦਦ ਲਈ ਉਪਰਾਲਾ
Publish Date: Sat, 17 Jan 2026 07:36 PM (IST)
Updated Date: Sat, 17 Jan 2026 08:18 PM (IST)
--ਗਾਂਧੀ ਵਨੀਤਾ ਆਸ਼ਰਮ ਵਿਖੇ ਕੰਬਲ ਤੇ ਜੁੱਤੀਆਂ ਵੰਡਣ ਦੀ ਮੁਹਿੰਮ ਚਲਾਈ ਗਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੜਾਕੇ ਦੀ ਠੰਢ ਦੌਰਾਨ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੱਲੋਂ ਅੱਜ ਗਾਂਧੀ ਵਨੀਤਾ ਆਸ਼ਰਮ ਦੇ ਅਹਾਤੇ ’ਚ ਸਥਿਤ ਚਿਲਡਰਨ ਹੋਮ ਤੇ ਚਿਲਡਰਨ ਹੋਮ ਫਾਰ ਗਰਲਜ਼ ’ਚ ਵਸਤੂਆਂ ਵੰਡਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ। ਨਿਰਭਉ ਸਿੰਘ ਗਿੱਲ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਯੋਗ ਰਹਿਨੁਮਾਈ ਹੇਠ ਇਸ ਮੁਹਿੰਮ ਦੀ ਅਗਵਾਈ ਰਾਹੁਲ ਕੁਮਾਰ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੱਲੋਂ ਕੀਤੀ ਗਈ। ਉਨ੍ਹਾਂ ਨੇ ਨਿੱਜੀ ਤੌਰ ’ਤੇ ਆਸ਼ਰਮ ਦਾ ਦੌਰਾ ਕਰਕੇ ਉੱਥੇ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਸਰਦੀਆਂ ਦੇ ਜ਼ਰੂਰਤ ਦਾ ਸਾਮਾਨ ਵੰਡਣ ਦੀ ਨਿਗਰਾਨੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਮਲਦੀਪ ਸਿੰਘ ਰੰਧਾਵਾ (ਮੀਡੀਏਟਰ) ਤੇ ਜਗਨ ਨਾਥ (ਸੀਨੀਅਰ ਸਹਾਇਕ) ਵੀ ਮੌਜੂਦ ਸਨ। ਬੱਚਿਆਂ ਦੀ ਸਿਹਤ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਕੰਬਲ, ਜੁੱਤੀਆਂ ਤੇ ਚੱਪਲਾਂ ਵੰਡੀਆਂ ਗਈਆਂ। ਸਾਮਾਨ ਦੀ ਵੰਡ ਕਰਨ ਤੋਂ ਇਲਾਵਾ ਰਾਹੁਲ ਕੁਮਾਰ ਨੇ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਦੀ ਭਲਾਈ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਦੀ ਉਪਲੱਬਧਤਾ ਬਾਰੇ ਜਾਗਰੂਕ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਕੁਮਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮਿਸ਼ਨ ਸਿਰਫ਼ ਅਦਾਲਤੀ ਕੰਮਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ, ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੇਅਰ ਹੋਮਜ਼ ’ਚ ਰਹਿਣ ਵਾਲਾ ਹਰ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਕੰਬਲ ਤੇ ਜੁੱਤੀਆਂ ਰਾਹੀਂ ਨਿੱਘ ਪ੍ਰਦਾਨ ਕਰਨਾ ਇਨ੍ਹਾਂ ਕੜਾਕੇ ਦੀਆਂ ਸਰਦੀਆਂ ’ਚ ਉਨ੍ਹਾਂ ਦੀ ਮਰਿਆਦਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਵੱਲ ਇਕ ਛੋਟਾ ਜਿਹਾ ਕਦਮ ਹੈ। ਇਸ ਦੌਰਾਨ ਰਾਹੁਲ ਕੁਮਾਰ ਨੇ ਆਸ਼ਰਮ ’ਚ ਰਹਿਣ-ਸਹਿਣ ਦੀਆਂ ਸਥਿਤੀਆਂ, ਰਸੋਈ ਦੀ ਸਹੂਲਤ ਤੇ ਵਿਦਿਅਕ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਸਫਾਈ ਤੇ ਦੇਖਭਾਲ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। ਗਾਂਧੀ ਵਨੀਤਾ ਆਸ਼ਰਮ ਦੇ ਸਟਾਫ ਤੇ ਪ੍ਰਬੰਧਕਾਂ ਨੇ ਬਾਲ ਭਲਾਈ ਪ੍ਰਤੀ ਅਥਾਰਟੀ ਦੇ ਲਗਾਤਾਰ ਸਹਿਯੋਗ ਤੇ ਉਸਾਰੂ ਪਹੁੰਚ ਲਈ ਧੰਨਵਾਦ ਪ੍ਰਗਟਾਇਆ।