ਪੇਂਡੂ ਮਜ਼ਦੂਰ ਯੂਨੀਅਨ ਦਾ ਪਿੰਡ ਧੀਰਪੁਰ ’ਚ ਹੋਇਆ ਡੈਲੀਗੇਟ ਇਜਲਾਸ
ਪੇਂਡੂ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ
Publish Date: Wed, 03 Dec 2025 08:19 PM (IST)
Updated Date: Wed, 03 Dec 2025 08:20 PM (IST)

-ਹੰਸ ਰਾਜ ਪੱਬਵਾਂ ਪ੍ਰਧਾਨ, ਘੁੱਗਸ਼ੋਰ ਸਕੱਤਰ ਤੇ ਮੰਡਿਆਲਾ ਵਿੱਤ ਸਕੱਤਰ ਬਣੇ ਕੁਲਦੀਪ ਸਿੰਘ ਵਾਲਿਆ, ਪੰਜਾਬੀ ਜਾਗਰਣ, ਕਰਤਾਰਪੁਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਯੂਨੀਅਨ ਆਗੂ ਦਰਸ਼ਨਪਾਲ ਬੁੰਡਾਲਾ, ਕੇਐੱਸ ਅਟਵਾਲ ਤੇ ਕਸ਼ਮੀਰ ਮੰਡਿਆਲਾ ਦੀ ਪ੍ਰਧਾਨਗੀ ਹੇਠ ਪਿੰਡ ਧੀਰਪੁਰ ਵਿਖੇ ਹੋਇਆ। ਜ਼ਿਲ੍ਹੇ ਦੀਆਂ 5 ਤਹਿਸੀਲਾਂ ਤੋਂ ਚੁਣੇ ਗਏ 135 ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਵੱਲੋਂ ਯੂਨੀਅਨ ਦਾ ਝੰਡਾ ਚੜ੍ਹਾਉਣ ਤੋਂ ਬਾਅਦ ਮਜ਼ਦੂਰ ਲਹਿਰ ਦੇ ਵਿਛੜੇ ਸਾਥੀਆਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਨਾਲ ਇਜਲਾਸ ਦੀ ਸ਼ੁਰੂਆਤ ਹੋਈ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੀ ਰੀਵਿਊ ਰਿਪੋਰਟ ਤੇ ਵਿਧਾਨ ’ਤੇ ਐਲਾਨਨਾਮਾ ਪੇਸ਼ ਕੀਤਾ, ਜਿਸ ਨੂੰ ਵਿਚਾਰ ਵਟਾਂਦਰੇ ਉਪਰੰਤ ਪਾਸ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰਾਂ ਰਾਜ ਸੱਤਾ ’ਤੇ ਕਾਬਜ਼ ਹੋਈਆਂ। ਸਭ ਨੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਲਿਆਂਦੀਆਂ ਤੇ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਪੇਂਡੂ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਹੋਵੇਗਾ। ਇਜਲਾਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਲਜੀਤ ਪੰਡੋਰੀ, ਇਸਤਰੀ ਜਾਗ੍ਰਿਤੀ ਮੰਚ ਦੇ ਅਨੀਤਾ ਸੰਧੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੱਖਣ ਸਿੰਘ ਕੰਦੋਲਾ ਆਦਿ ਨੇ ਭਰਾਤਰੀ ਸੰਦੇਸ਼ ਦਿੱਤਾ। ਇਸ ਮੌਕੇ ਇਕ ਮਤਾ ਪਾਸ ਕਰਕੇ ਬਿਜਲੀ ਸੋਧ ਕਾਨੂੰਨ 2025 ਤੇ ਮਜ਼ਦੂਰ ਵਿਰੋਧੀ ਪਾਸ ਕੀਤੇ ਚਾਰ ਕਿਰਤ ਕੋਡ ਰੱਦ ਕਰਨ ਦੀ ਮੰਗ ਕੀਤੀ ਤੇ 8 ਦਸੰਬਰ ਬਿਜਲੀ ਸੋਧ ਕਾਨੂੰਨ ਰੱਦ ਕਰਾਉਣ ਲਈ ਪਾਵਰਕਾਮ ਦਫ਼ਤਰਾਂ ਅੱਗੇ ਸੰਯੁਕਤ ਕਿਸਾਨ ਮੋਰਚਾ ਨਾਲ ਮਿਲ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ। ਡੈਲੀਗੇਟ ਅਜਲਾਸ ਨੇ 9 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ। ਇਸ ’ਚ ਹੰਸ ਰਾਜ ਪੱਬਵਾਂ ਪ੍ਰਧਾਨ, ਕਸ਼ਮੀਰ ਸਿੰਘ ਘੁੱਗਸ਼ੋਰ ਸਕੱਤਰ, ਕਸ਼ਮੀਰ ਮੰਡਿਆਲਾ ਵਿੱਤ ਸਕੱਤਰ, ਕੇਐੱਸ ਅਟਵਾਲ, ਦਰਸ਼ਨਪਾਲ ਬੁੰਡਾਲਾ, ਗੁਰਪ੍ਰੀਤ ਸਿੰਘ ਚੀਦਾ, ਗੁਰਬਖਸ਼ ਕੌਰ ਸਾਦਿਕਪੁਰ, ਵਿਜੈ ਕੁਮਾਰ ਬਾਠ ਕਮੇਟੀ ਤੇ ਗੁਰਚਰਨ ਸਿੰਘ ਅਟਵਾਲ ਕਮੇਟੀ ਮੈਂਬਰ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਹਾਜ਼ਰ ਡੈਲੀਗੇਟਾਂ ਧੰਨਵਾਦ ਕੀਤਾ।