ਤਿੰਨ ਦਿਨਾਂ ਪੰਜਾਬ ਸਖੀ ਸ਼ਕਤੀ ਮੇਲਾ 27 ਜਨਵਰੀ ਤੋਂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਪੰਜਾਬ ਸਖੀ ਸ਼ਕਤੀ ਮੇਲਾ 27 ਜਨਵਰੀ ਤੋਂ
Publish Date: Sat, 24 Jan 2026 08:21 PM (IST)
Updated Date: Sat, 24 Jan 2026 08:25 PM (IST)

-ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਵੱਲੋਂ ਤਿਆਰ ਸਾਮਾਨ ਦੇ ਲੱਗਣਗੇ ਸਟਾਲ -ਏਡੀਸੀ ਨੇ ਜਲੰਧਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਮੇਲੇ ’ਚ ਪੁੱਜਣ ਦਾ ਦਿੱਤਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਵਿਕਰੀ ਲਈ ਲੋੜੀਂਦਾ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਜਨਵਰੀ ਤੋਂ ਪੰਜਾਬ ਸਖੀ ਸ਼ਕਤੀ ਮੇਲਾ-2026 ਕਰਵਾਇਆ ਜਾ ਰਿਹਾ ਹੈ, ਜੋ ਕਿ 29 ਜਨਵਰੀ 2026 ਤੱਕ ਜਾਰੀ ਰਹੇਗਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਤਿੰਨ ਦਿਨਾਂ ਮੇਲਾ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੇਲਾ ਸਥਾਨਕ ਰੈੱਡ ਕਰਾਸ ਭਵਨ, ਲਾਜਪਤ ਨਗਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ’ਚ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ, ਜਿਨ੍ਹਾਂ ’ਚ ਕੱਪੜੇ, ਆਰਟੀਫੀਸ਼ੀਅਲ ਜਿਊਲਰੀ, ਆਚਾਰ, ਮੁਰੱਬੇ, ਚਟਨੀਆਂ, ਜੂਟ ਦਾ ਸਾਮਾਨ, ਆਰਗੈਨਿਕ ਹਲਦੀ, ਸ਼ਹਿਦ, ਸਰ੍ਹੋਂ ਤੇ ਨਾਰੀਅਲ ਦਾ ਤੇਲ ਆਦਿ ਸ਼ਾਮਲ ਹੈ, ਦੇ ਸਟਾਲ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਦੌਰਾਨ ਲਾਈਵ ਫੂਡ ਸਟਾਲ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਲਈ ਮੈਜਿਕ ਸ਼ੋਅ ਤੇ ਝੂਲੇ ਆਦਿ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜਲੰਧਰ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ’ਚ ਵਧ-ਚੜ੍ਹ ਕੇ ਪੁੱਜਣ ਦਾ ਨਿੱਘਾ ਸੱਦਾ ਵੀ ਦਿੱਤਾ।