ਦਿਲਕੁਸ਼ਾ ਮਾਰਕੀਟ ’ਚ ਜਰਜਰ ਛੱਜੇ ਬਣੇ ਖ਼ਤਰੇ ਦੀ ਘੰਟੀ

ਹੋਲਸੇਲ ਦਵਾਈਆਂ ਦੀਆਂ ਦੁਕਾਨਾਂ ਦੀਆਂ ਪਹਿਲੀਆਂ ਮੰਜ਼ਿਲਾਂ ਦੇ ਛੱਜੇ ਕਿਸੇ ਵੀ ਵੇਲੇ ਡਿੱਗਣ ਦਾ ਖ਼ਤਰਾ
ਪੱਤਰ ਪ੍ਰੇਰਕ, ਜਾਗਰਣ, ਜਲੰਧਰ : ਹੋਲਸੇਲ ਦਵਾਈਆਂ ਦੇ ਵਪਾਰ ਦਾ ਪ੍ਰਮੁੱਖ ਕੇਂਦਰ ਮੰਨੀ ਜਾਂਦੀ ਦਿਲਕੁਸ਼ਾ ਮਾਰਕੀਟ ਅੱਜਕੱਲ੍ਹ ਗੰਭੀਰ ਖ਼ਤਰੇ ਨਾਲ ਜੂਝ ਰਹੀ ਹੈ। ਮਾਰਕੀਟ ਵਿੱਚ ਸਥਿਤ ਕਈ ਦੁਕਾਨਾਂ ਦੀ ਪਹਿਲੀ ਮੰਜ਼ਿਲ ਦੇ ਛੱਜੇ ਬਹੁਤ ਹੀ ਖਸਤਾ ਹਾਲਤ ਵਿੱਚ ਪਹੁੰਚ ਚੁੱਕੇ ਹਨ, ਜੋ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਵਪਾਰੀ, ਕਰਮਚਾਰੀ, ਗਾਹਕ ਅਤੇ ਲੋਡਿੰਗ-ਅਨਲੋਡਿੰਗ ਕਰਨ ਵਾਲੇ ਮਜ਼ਦੂਰ ਇਨ੍ਹਾਂ ਦੁਕਾਨਾਂ ਦੇ ਹੇਠੋਂ ਆਵਾਜਾਈ ਕਰਦੇ ਹਨ। ਅਜਿਹੇ ਵਿੱਚ ਛੱਜੇ ਟੁੱਟ ਕੇ ਡਿੱਗਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਦਿਲਕੁਸ਼ਾ ਮਾਰਕੀਟ ਵਿਚ ਦਵਾਈਆਂ ਦਾ ਵਪਾਰ ਸ਼ਹਿਰ ਦੀ ਸਿਹਤ ਪ੍ਰਣਾਲੀ ਦੀ ਰੀੜ੍ਹ ਮੰਨਿਆ ਜਾਂਦਾ ਹੈ ਪਰ ਖੁਦ ਮਾਰਕੀਟ ਦੀ ਹਾਲਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜੇ ਸਮੇਂ ਸਿਰ ਖਸਤਾ ਹਾਲ ਛੱਜਿਆਂ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਇਹ ਸਮੱਸਿਆ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ। ਹਾਲਾਂਕਿ ਹੋਲਸੇਲ ਕੈਮਿਸਟ ਸੰਗਠਨ ਦੇ ਪ੍ਰਧਾਨ ਰਿਸ਼ੂ ਵਰਮਾ ਦਾ ਕਹਿਣਾ ਹੈ ਕਿ ਮੁਰੰਮਤ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।
ਮਾਰਕੀਟ ਵਿਚ ਅਕਸਰ ਦਵਾਈਆਂ ਖਰੀਦਣ ਆਉਣ ਵਾਲੇ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਖ਼ਸਤਾ ਹਾਲ ਛੱਜਿਆਂ ਦੀ ਮੁਰੰਮਤ ਕਰਵਾਉਣਾ ਸਬੰਧਤ ਦੁਕਾਨਦਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਛੱਜੇ ਸਿਰਫ਼ ਦੁਕਾਨਦਾਰਾਂ ਲਈ ਹੀ ਨਹੀਂ, ਸਗੋਂ ਉੱਥੋਂ ਲੰਘਣ ਵਾਲੇ ਲੋਕਾਂ ਲਈ ਵੀ ਵੱਡਾ ਖ਼ਤਰਾ ਹਨ। ਮਾਰਕੀਟ ਦੇ ਦਵਾਈ ਵਪਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਛੱਜਿਆਂ ਵਿਚ ਦਰਾਰਾਂ ਸਾਫ਼ ਨਜ਼ਰ ਆ ਰਹੀਆਂ ਹਨ ਅਤੇ ਕਈ ਥਾਵਾਂ ਤੋਂ ਸੀਮੈਂਟ ਝੜ ਰਿਹਾ ਹੈ। ਮੀਂਹ ਦੇ ਦਿਨਾਂ ਜਾਂ ਵੱਧ ਕੰਪਨ ਦੌਰਾਨ ਕਈ ਵਾਰ ਛੱਜਿਆਂ ਦੇ ਟੁਕੜੇ ਹੇਠਾਂ ਵੀ ਡਿੱਗ ਚੁੱਕੇ ਹਨ। ਦਵਾਈ ਵਿਕਰੇਤਾ ਮੋਹਿਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਾਰਕੀਟ ਵਿੱਚ ਇੱਕ ਦੁਕਾਨ ਦਾ ਖ਼ਸਤਾਹਾਲ ਛੱਜਾ ਟੁੱਟ ਕੇ ਹੇਠਾਂ ਡਿੱਗ ਗਿਆ ਸੀ। ਉਸ ਦਿਨ ਆਵਾਜਾਈ ਘੱਟ ਹੋਣ ਕਾਰਨ ਉੱਥੋਂ ਲੰਘ ਰਹੇ ਲੋਕ ਵਾਲ-ਵਾਲ ਬਚ ਗਏ। ਦਵਾਈ ਵਪਾਰ ਨਾਲ ਜੁੜੇ ਰੋਬਿਨ ਗੁਲਾਟੀ ਨੇ ਕਿਹਾ ਕਿ ਮਾਰਕੀਟ ਵਿਚ ਹਰ ਵਿਅਕਤੀ ਰੋਜ਼ ਡਰ ਦੇ ਸਾਏ ਹੇਠ ਕੰਮ ਕਰ ਰਿਹਾ ਹੈ। ਦਵਾਈਆਂ ਦੀ ਮੰਡੀ ਹੋਣ ਕਾਰਨ ਇੱਥੇ ਸਾਰਾ ਦਿਨ ਭੀੜ ਬਣੀ ਰਹਿੰਦੀ ਹੈ। ਜੇ ਕਿਸੇ ਵੇਲੇ ਛੱਜਾ ਡਿੱਗ ਪਿਆ ਤਾਂ ਵੱਡਾ ਹਾਦਸਾ ਹੋ ਸਕਦਾ ਹੈ।
ਮਾਰਕੀਟ ਵਿਚ ਦਵਾਈਆਂ ਦੇ ਕੰਮ ਨਾਲ ਜੁੜੇ ਗੌਰਵ ਭਗਤ ਨੇ ਦੱਸਿਆ ਕਿ ਸਵੇਰੇ-ਸਵੇਰੇ ਜਦੋਂ ਕਰਮਚਾਰੀ ਟਰਾਂਸਪੋਰਟ ਵਾਹਨਾਂ ਤੋਂ ਦਵਾਈਆਂ ਉਤਾਰਦੇ ਹਨ, ਤਾਂ ਉੱਪਰ ਵੇਖ ਕੇ ਡਰ ਲੱਗਦਾ ਹੈ। ਕਈ ਵਾਰ ਛੱਜਿਆਂ ਤੋਂ ਛੋਟੇ-ਛੋਟੇ ਪੱਥਰ ਹੇਠਾਂ ਡਿੱਗ ਚੁੱਕੇ ਹਨ। ਦੁਕਾਨਦਾਰ ਦਲਜੀਤ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਮਾਮਲੇ ਨੂੰ ਮਾਰਕੀਟ ਐਸੋਸੀਏਸ਼ਨ ਦੀ ਕਾਰਜਕਾਰੀ ਅਤੇ ਦੁਕਾਨਦਾਰਾਂ ਵੱਲੋਂ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਜੇ ਸਮੇਂ ਸਿਰ ਹੱਲ ਕੀਤਾ ਗਿਆ ਤਾਂ ਭਵਿੱਖ ਵਿੱਚ ਹੋ ਸਕਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।