ਧਰਮਿੰਦਰ ਦੀਆਂ ਯਾਦਾਂ : ਸ਼ਰਾਬ ਦੇ ਸ਼ੌਕ ਨੇ ਬਣਾਇਆ ਜੂਹੂ ਵਾਲਾ ਬੰਗਲਾ
ਧਰਮਿੰਦਰ ਦੀਆਂ ਯਾਦਾਂ : ਸ਼ਰਾਬ ਦੇ ਸ਼ੌਕ ਨੇ ਬਣਾਇਆ ਜੂਹੂ ਵਾਲਾ ਬੰਗਲਾ
Publish Date: Mon, 24 Nov 2025 08:31 PM (IST)
Updated Date: Mon, 24 Nov 2025 09:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਬਚਪਨ ਤੋਂ ਹੀ ਫ਼ਿਲਮਾਂ ਦੇਖਣ ਦਾ ਜ਼ਬਰਦਸਤ ਸ਼ੌਕ ਸੀ, ਖ਼ਾਸ ਕਰ ਕੇ ਦਿਲੀਪ ਕੁਮਾਰ ਦੀਆਂ ਫ਼ਿਲਮਾਂ। ਇਸੇ ਜ਼ੁਨੂੰਨ ਕਰ ਕੇ ਉਹ ਰੋਜ਼ ਫ਼ਿਲਮਾਂ ਦੇਖਣ ਜਲੰਧਰ ਆਉਂਦੇ ਸਨ। ਜਲੰਧਰ ਤੇ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਖ਼ਾਸ ਪਲ ਧਰਮਿੰਦਰ ਨੇ ਮੇਅਰ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਨਾਲ ਸਾਂਝੇ ਕੀਤੇ ਸਨ। ਸਮਾਰਟ ਸਿਟੀ ਦੀ ਕਾਨਫਰੰਸ ’ਚ ਸ਼ਾਮਲ ਹੋਣ ਲਈ 2018 ’ਚ ਮੁੰਬਈ ਗਏ ਨਗਰ ਨਿਗਮ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਦੀ ਮੁਲਾਕਾਤ ਧਰਮਿੰਦਰ ਨਾਲ ਉਨ੍ਹਾਂ ਦੇ ਘਰ ’ਚ ਹੋਈ। ਵਾਲੀਆ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਧਰਮਿੰਦਰ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਫੈਨ ਹਨ ਤਾਂ ਧਰਮਿੰਦਰ ਨੇ ਤੁਰੰਤ ਪੁੱਛ ਲਿਆ ‘ਫਿਰ ਦੱਸੋ ਮੇਰਾ ਜੱਦੀ ਪਿੰਡ ਕਿਹੜਾ ਹੈ?’ ਵਾਲੀਆ ਨੇ ਕਿਹਾ ਕਿ ਉਨ੍ਹਾਂ ਦਾ ਜੱਦੀ ਪਿੰਡ ਰਾਇਕੋਟ ਦੇ ਨੇੜੇ ਪਿੰਡ ਡਾਂਗੋ ਹੈ। ਇਹ ਸੁਣ ਕੇ ਧਰਮਿੰਦਰ ਹੈਰਾਨ ਰਹੇ ਤੇ ਕਿਹਾ ਕਿ ‘ਸਾਰੇ ਮੈਨੂੰ ਸਾਹਨੇਵਾਲ ਦਾ ਸਮਝਦੇ ਹਨ, ਪਰ ਮੇਰਾ ਪਿੰਡ ਤਾਂ ਡਾਂਗੋ ਹੈ। ਮੇਰੇ ਪਿਤਾ ਜੀ ਸਾਹਨੇਵਾਲ ’ਚ ਪੜ੍ਹਾਉਂਦੇ ਸਨ, ਇਸ ਲਈ ਮੇਰਾ ਬਚਪਨ ਉੱਥੇ ਬੀਤਿਆ।’ ਧਰਮਿੰਦਰ ਨੇ ਵਾਲੀਆ ਨੂੰ ਜਲੰਧਰ ਤੇ ਫ਼ਿਲਮਾਂ ਨਾਲ ਜੁੜੇ ਕਈ ਕਿੱਸੇ ਸੁਣਾਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਰਾਬ ਦਾ ਕਾਫ਼ੀ ਸ਼ੌਕ ਸੀ। ਫ਼ਿਲਮਾਂ ’ਚ ਹਿੱਟ ਹੋਣ ਤੋਂ ਬਾਅਦ ਲੋਕਾਂ ’ਚ ਉਨ੍ਹਾਂ ਦੀ ਪਛਾਣ ਮਜ਼ਬੂਤ ਹੋ ਗਈ ਸੀ। ਉਹ ਕਹਿੰਦੇ ਹਨ ਕਿ ਉਸ ਸਮੇਂ ਮੁੰਬਈ ’ਚ ਸ਼ਰਾਬਬੰਦੀ ਸੀ ਤੇ ਉਹ ਸ਼ਰਾਬ ਦੇ ਸ਼ੌਕੀਨ ਸਨ। ਉਨ੍ਹਾਂ ਨੂੰ ਪਤਾ ਲੱਗਿਆ ਕਿ ਜੂਹੂ ਨੇੜੇ ਨੇਵੀ ਦੀ ਇੱਕ ਕੈਂਟੀਨ ’ਚ ਨੇਵੀ ਵਾਲਿਆਂ ਨੂੰ ਸ਼ਰਾਬ ਮਿਲਦੀ ਹੈ। ਧਰਮਿੰਦਰ ਕਹਿੰਦੇ ਹਨ ਕਿ ਉਹ ਕਈ ਨੇਵੀ ਅਧਿਕਾਰੀਆਂ ਨਾਲ ਦੋਸਤੀ ਕਰ ਬੈਠੇ ਤੇ ਰੋਜ਼ ਰਾਤ ਨੂੰ ਆਪਣੀ ਕੋਠੀ ਤੋਂ ਸ਼ਰਾਬ ਪੀਣ ਲਈ ਨੇਵੀ ਦੀ ਕੈਂਟੀਨ ਪਹੁੰਚ ਜਾਂਦੇ। ਰੋਜ਼ ਦੂਰੋਂ ਜੂਹੂ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਸਮਾਂ ਬਚਾਉਣ ਲਈ ਜੂਹੂ ’ਚ ਹੀ ਕੈਂਟੀਨ ਦੇ ਨੇੜੇ ਬੰਗਲਾ ਬਣਾ ਲਿਆ। ਸਿਰਫ਼ ਇਹ ਹੀ ਨਹੀਂ, ਉਸ ਸਮੇਂ ਫ਼ਿਲਮਾਂ ਦੀ ਸ਼ੂਟਿੰਗ ਮੁੰਬਈ ਤੇ ਮਦਰਾਸ (ਹੁਣ ਚੇਨਈ) ’ਚ ਹੁੰਦੀ ਸੀ। ਮਦਰਾਸ ’ਚ ਵੀ ਸ਼ਰਾਬਬੰਦੀ ਸੀ, ਇਸ ਲਈ ਸਿਰਫ਼ ਸ਼ਰਾਬ ਪੀਣ ਲਈ ਧਰਮਿੰਦਰ ਮਦਰਾਸ ਜਾਣ ਤੋਂ ਪਹਿਲਾਂ ਹੈਦਰਾਬਾਦ ਉਤਰਦੇ ਤੇ ਉੱਥੇ ਸ਼ਰਾਬ ਪੀਣ ਤੋਂ ਬਾਅਦ ਹੀ ਸ਼ੂਟਿੰਗ ਲਈ ਮਦਰਾਸ ਜਾਂਦੇ ਸਨ।