ਧਰਮਿੰਦਰ ਨੇ ਰੈਸਲਿੰਗ ਟੂਰਨਾਮੈਂਟ ’ਚ ਕੀਤੀ ਸੀ ਸ਼ਿਰਕਤ, ਪਹਿਲਵਾਨਾਂ ਦੀ ਕੀਤੀ ਹੌਸਲਾ ਅਫਜ਼ਾਈ
ਧਰਮਿੰਦਰ ਨੇ ਰੈਸਲਿੰਗ ਟੂਰਨਾਮੈਂਟ ’ਚ ਕੀਤੀ ਸੀ ਸ਼ਿਰਕਤ, ਪਹਿਲਵਾਨਾਂ ਦਾ ਕੀਤਾ ਹੌਸਲਾ ਅਫਜ਼ਾਈ
Publish Date: Mon, 24 Nov 2025 08:25 PM (IST)
Updated Date: Mon, 24 Nov 2025 09:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਲ 2011 ’ਚ ਦੂਜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਰੈਸਲਿੰਗ ਟੂਰਨਾਮੈਂਟ ਪੀਏਪੀ ਦੇ ਇੰਡੋਰ ਸਟੇਡੀਅਮ ’ਚ ਕਰਵਾਇਆ ਗਿਆ ਸੀ। ਟੂਰਨਾਮੈਂਟ ਦਾ ਉਦਘਾਟਨ ਤਤਕਾਲੀਨ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ। ਵਿਸ਼ੇਸ਼ ਮਹਿਮਾਨ ਵਜੋਂ ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਰਹੇ ਅਰਜੁਨਾ ਐਵਾਰਡੀ ਪਹਿਲਵਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਜਦੋਂ ਧਰਮਿੰਦਰ ਨੇ ਪਹਿਲਵਾਨਾਂ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਹਰ ਕੋਈ ਉਨ੍ਹਾਂ ਦੀ ਇੱਕ ਝਲਕ ਦੇਖਣਾ ਚਾਹੁੰਦਾ ਸੀ। ਧਰਮਿੰਦਰ ਬਹੁਤ ਹੀ ਖ਼ੁਸ਼ਮਿਜ਼ਾਜ਼ ਤੇ ਨਰਮ ਸੁਭਾਵ ਦੇ ਇਨਸਾਨ ਸਨ। ਧੀਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਧਰਮਿੰਦਰ ਦੇ ਚਿਹਰੇ ’ਤੇ ਸਾਦਗੀ ਸਾਫ਼ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਜਲੰਧਰ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਟੇਜ਼ ਤੋਂ ਕਿਹਾ ਕਿ ਪੰਜਾਬ ਤੋਂ ਮਿਲੇ ਪਿਆਰ ਨੇ ਹੀ ਉਨ੍ਹਾਂ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ। ਧਰਮਿੰਦਰ ਨੇ ਰੈਸਲਰਾਂ ਨੂੰ ਕਿਹਾ ਕਿ ਜਦੋਂ ਵੀ ਤੁਸੀਂ ਮੁੰਬਈ ਆਓ ਤਾਂ ਘਰ ਹੋ ਕੇ ਜਾਵੋ। ਉਨ੍ਹਾਂ ਕਿਹਾ ਕਿ ‘ਮੈਂ ਮੁੰਬਈ ’ਚ ਰਹਿੰਦਾ ਹਾਂ ਪਰ ਦਿਲ ਪੰਜਾਬ ’ਚ ਵੱਸਦਾ ਹੈ। ਮੇਰੀ ਬੋਲੀ, ਮੇਰੀ ਪੰਜਾਬੀਅਤ ਹਰ ਵੇਲੇ ਮੇਰੇ ਨਾਲ ਹੈ।’ ਰਣਧੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ’ਚ ਸਪੱਸ਼ਟਤਾ ਤੇ ਖ਼ਰਾਪਨ ਦਿਖ ਰਿਹਾ ਸੀ। ਟੂਰਨਾਮੈਂਟ ਦੀ ਮਸ਼ਾਲ ਦੇਸ਼ ਭਗਤ ਯਾਦਗਾਰ ’ਚ ਲਿਆਂਦੀ ਗਈ ਸੀ। ਇਸ ਦੌਰਾਨ ਧਰਮਿੰਦਰ ਨੇ ਲੇਖਕ ਵਰਿਆਮ ਸਿੰਘ ਸੰਧੂ ਵੱਲੋਂ ਕਰਤਾਰ ਸਿੰਘ ਪਹਿਲਵਾਨ ਦੀ ਜੀਵਨੀ ’ਤੇ ਲਿਖੀ ਕਿਤਾਬ ਵੀ ਲੋਕ ਅਰਪਿਤ ਕੀਤੀ ਸੀ।