ਚੰਗਾ ਤੇ ਉਸਾਰੂ ਸਾਹਿਤ ਲਿਖਣ ਲਈ ਉਤਸ਼ਾਹਤ ਕਰ ਰਿਹੈ ਢਾਹਾਂ ਐਵਾਰਡ : ਬਲਬੀਰ ਪਰਵਾਨਾ
ਪੰਜਾਬੀ ਦੇ ਲੇਖਕਾਂ ਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਕੈਨੇਡਾ ਦੀ ਧਰਤੀ ’ਤੇ ਬ੍ਰਜ ਢਾਹਾਂ ਵੱਲੋਂ ਸ਼ੁਰੂ ਕੀਤਾ ਗਿਆ ਢਾਹਾਂ ਐਵਾਰਡ ਲੇਖਕਾਂ ਨੂੰ ਚੰਗਾ ਤੇ ਉਸਾਰੂ ਸਾਹਿਤ ਲਿਖਣ ਲਈ ਉਤਸ਼ਾਹਤ ਕਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਇਹ ਐਵਾਰਡ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਈ ਸਾਹਿਤਕਾਰਾਂ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਇਹ ਪੰਜਾਬੀ ਸਾਹਿਤ ਦੇ ਸਨਮਾਨਾਂ ’ਚੋਂ ਸਭ ਤੋਂ ਵੱਕਾਰੀ ਤੇ ਰਾਸ਼ੀ ਪੱਖੋਂ ਵੀ ਵੱਡਾ ਇਨਾਮ ਬਣ ਚੁੱਕਾ ਹੈ। ਇਹ ਪ੍ਰਗਟਾਵਾ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਨੇ ‘ਪੰਜਾਬੀ ਜਾਗਰਣ’ ਦਫ਼ਤਰ ’ਚ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਇਸ ਵਾਰ ਦਾ ਢਾਹਾਂ ਸਨਮਾਨ ਬਲਬੀਰ ਪਰਵਾਨਾ ਨੂੰ ਉਨ੍ਹਾਂ ਦੇ 19
Publish Date: Sat, 31 Jan 2026 10:43 AM (IST)
Updated Date: Sat, 31 Jan 2026 10:44 AM (IST)

ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਦੇ ਲੇਖਕਾਂ ਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਕੈਨੇਡਾ ਦੀ ਧਰਤੀ ’ਤੇ ਬ੍ਰਜ ਢਾਹਾਂ ਵੱਲੋਂ ਸ਼ੁਰੂ ਕੀਤਾ ਗਿਆ ਢਾਹਾਂ ਐਵਾਰਡ ਲੇਖਕਾਂ ਨੂੰ ਚੰਗਾ ਤੇ ਉਸਾਰੂ ਸਾਹਿਤ ਲਿਖਣ ਲਈ ਉਤਸ਼ਾਹਤ ਕਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਇਹ ਐਵਾਰਡ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਈ ਸਾਹਿਤਕਾਰਾਂ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਇਹ ਪੰਜਾਬੀ ਸਾਹਿਤ ਦੇ ਸਨਮਾਨਾਂ ’ਚੋਂ ਸਭ ਤੋਂ ਵੱਕਾਰੀ ਤੇ ਰਾਸ਼ੀ ਪੱਖੋਂ ਵੀ ਵੱਡਾ ਇਨਾਮ ਬਣ ਚੁੱਕਾ ਹੈ। ਇਹ ਪ੍ਰਗਟਾਵਾ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਨੇ ‘ਪੰਜਾਬੀ ਜਾਗਰਣ’ ਦਫ਼ਤਰ ’ਚ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਇਸ ਵਾਰ ਦਾ ਢਾਹਾਂ ਸਨਮਾਨ ਬਲਬੀਰ ਪਰਵਾਨਾ ਨੂੰ ਉਨ੍ਹਾਂ ਦੇ 1947 ਦੀ ਵੰਡ ਦੇ ਦੁਖਾਂਤ ਬਾਰੇ ਲਿਖੇ ਗਏ ਨਾਵਲ ‘ਰੌਲ਼ਿਆ ਵੇਲੇ’ ਲਈ ਮਿਲਿਆ ਹੈ, ਜਿਸ ’ਚ 15 ਲੱਖ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਪਰਵਾਨਾ ਨੇ ਕਿਹਾ ਕਿ ਇਸ ਐਵਾਰਡ ਲਈ ਉਨ੍ਹਾਂ ਦੇ ਨਾਵਲ ਦੀ ਚੋਣ ਕੀਤੇ ਜਾਣ ਦਾ ਐਲਾਨ ਅਗਸਤ ਮਹੀਨੇ ਢਾਹਾਂ ਐਵਾਰਡ ਲਈ ਬਣਾਈ ਗਈ ਚੋਣ ਕਮੇਟੀ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ ਹੀ ਕਹਾਣੀਕਾਰ ਭਗਵੰਤ ਰਸੂਲਪੁਰੀ ਤੇ ਲਹਿੰਦੇ ਪੰਜਾਬ ਦੇ ਲੇਖਕ ਮੁਦੱਸਰ ਬਸ਼ੀਰ ਦੀਆਂ ਪੁਸਤਕਾਂ ਦੀ ਵੀ ਚੋਣ ਕੀਤੀ ਗਈ ਸੀ। ਹਾਲਾਂਕਿ ਤਿੰਨਾਂ ’ਚੋਂ ਪਹਿਲਾ ਐਵਾਰਡ ਕਿਸ ਨੂੰ ਦਿੱਤਾ ਜਾਣਾ ਹੈ, ਇਸ ਦਾ ਐਲਾਨ ਪੁਰਸਕਾਰ ਵੰਡ ਸਮਾਗਮ ਦੌਰਾਨ ਮੌਕੇ ’ਤੇ ਹੀ ਕੀਤਾ ਗਿਆ ਸੀ। ਪੰਜਾਬੀ ਸਾਹਿਤ ’ਚ ਕਾਫੀ ਪੁਰਸਕਾਰ ਦਿੱਤੇ ਜਾਂਦੇ ਹਨ, ਜਿਨ੍ਹਾਂ ’ਚ ਸਾਹਿਤ ਅਕਾਦਮੀ ਐਵਾਰਡ ਵੀ ਸ਼ਾਮਲ ਹੈ ਪਰ ਢਾਹਾਂ ਐਵਾਰਡ ਦੀ ਰਾਸ਼ੀ ਸਾਰੇ ਹੀ ਪੰਜਾਬੀ ਐਵਾਰਡਾਂ ਨਾਲੋਂ ਵੱਧ ਹੈ ਅਤੇ ਇਹ ਚੋਣ ਲੰਮੀ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ। ਐਵਾਰਡ ਦੇ ਪ੍ਰਬੰਧਕਾਂ ਵੱਲੋਂ ਤਿੰਨਾਂ ਚੁਣੇ ਗਏ ਸਾਹਿਤਕਾਰਾਂ ਨੂੰ ਕੈਨੇਡਾ ਐਵਾਰਡ ਦੇਣ ਲਈ ਬੁਲਾਇਆ ਗਿਆ ਤਾਂ ਮੁੱਖ ਸਮਾਗਮ ਕਰਨ ਤੋਂ ਪਹਿਲਾਂ ਹੋਰ ਵੀ ਦੋ-ਤਿੰਨ ਥਾਵਾਂ ’ਤੇ ਜਨਤਕ ਪ੍ਰੋਗਰਾਮਾਂ ’ਚ ਰਚਨਾਵਾਂ ਬਾਰੇ ਚਰਚਾ ਕਰਵਾਈ ਗਈ।
ਬਲਬੀਰ ਪਰਵਾਨਾ ਨੇ ਆਪਣੇ ਨਾਵਲ ‘ਰੌਲ਼ਿਆ ਵੇਲੇ’ ਬਾਰੇ ਦੱਸਿਆ ਕਿ ਇਸ ਨਾਵਲ ’ਚ ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਵੰਡ ਦੌਰਾਨ ਵਾਪਰੀ ਤ੍ਰਾਸਦੀ ’ਚ ਰਾਜਨੀਤੀ ਦੀ ਕੀ ਭੂਮਿਕਾ ਰਹੀ, ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ। 1947 ਬੀਤੀ ਸਦੀ ਦੀ ਅਜਿਹੀ ਮਹਾਤ੍ਰਾਸਦੀ ਹੈ, ਜੋ ਨਾ ਸਿਰਫ਼ ਪੰਜਾਬ ਨੇ ਆਪਣੇ ਪਿੰਡੇ ’ਤੇ ਹੰਢਾਈ ਬਲਕਿ ਭਾਰਤ ਤੇ ਦੁਨੀਆ ਭਰ ਦੇ ਇਤਿਹਾਸ ’ਚ ਵੀ ਇਹ ਅਹਿਮ ਘਟਨਾ ਹੈ। ਵੰਡ ਕਾਰਨ ਇਕ ਕਰੋੜ ਤੋਂ ਵੱਧ ਪੰਜਾਬੀਆ ਨੂੰ ਭਰੇ-ਭਰਾਏ ਘਰ ਛੱਡ ਕੇ ਗਲ ਦੇ ਕੱਪੜਿਆ ਨਾਲ ਅੱਧ-ਪਚੱਧੇ ਜੀਅ ਮਰਵਾ ਕੇ ਇੱਧਰੋਂ-ਉਧਰ, ਉਧਰੋਂ-ਇਧਰ ਆਉਣਾ-ਜਾਣਾ ਪਿਆ। 10 ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਇਕ ਲੱਖ ਤੋਂ ਵੱਧ ਨੌਜਵਾਨ ਔਰਤਾਂ-ਕੁੜੀਆ ਸਮੂਹਿਕ ਬਲਾਤਕਾਰ ਦੀਆਂ ਸ਼ਿਕਾਰ ਬਣੀਆ, ਲੱਖਾਂ ਬੱਚੇ ਯਤੀਮ ਹੋਏ। ਇਸ ਮਹਾਤ੍ਰਾਸਦੀ ’ਚ ਸਿਆਸਤਦਾਨ ਤੇ ਮਜ਼੍ਹਬੀ ਜਨੂੰਨੀਆਂ ਦਾ ਕਿੰਨਾ ਹੱਥ ਸੀ, ਉਸ ਨੂੰ ਵੀ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਪੰਜਾਬੀ ਸਾਹਿਤ ਬਾਰੇ ਪਰਵਾਨਾ ਨੇ ਕਿਹਾ ਕਿ ਉਹ ਆਪ ਵੀ ਪਿਛਲੇ ਕਈ ਦਹਾਕਿਆ ਤੋਂ ਸਾਹਿਤਕ ਪੱਤਰਕਾਰੀ ਨਾਲ ਜੁੜੇ ਰਹੇ ਹਨ ਅਤੇ ਲੇਖਕਾਂ ਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਤ ਕਰਦੇ ਰਹੇ ਹਨ। ਪੰਜਾਬੀ ’ਚ ਚੰਗੇ ਸਾਹਿਤ ਦੀ ਕੋਈ ਘਾਟ ਨਹੀਂ ਹੈ ਤੇ ਪੁਰਾਣੇ ਲੇਖਕਾਂ ਦੇ ਨਾਲ-ਨਾਲ ਬਹੁਤ ਸਾਰੇ ਨਵੇਂ ਲੇਖਕ ਵੀ ਅਜਿਹੇ ਹਨ, ਜੋ ਸਾਹਿਤ ਦੀਆ ਵੱਖ-ਵੱਖ ਵਿਧਾਵਾਂ ’ਚ ਚੰਗੀ ਰਚਨਾ ਲਿਖ ਰਹੇ ਹਨ। ਆਪਣੇ ਸਾਹਿਤਕ ਸਫ਼ਰ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਨਾਵਲੈੱਟ 1982 ’ਚ ‘ਜੰਗ ਜਾਰੀ ਹੈ’ ਛਪਿਆ ਸੀ ਜਦਕਿ ਪਹਿਲਾ ਕਵਿਤਾ ਸੰਗ੍ਰਹਿ 1984 ’ਚ ‘ਉਹਨਾਂ ਨੇ ਆਖਿਆ ਸੀ’ ਪ੍ਰਕਾਸ਼ਤ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ, ਪੰਜ ਕਹਾਣੀ ਸੰਗ੍ਰਿਹ, ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਖੋਜ ਕਾਰਜ 2003 ’ਚ ਪ੍ਰਕਾਸ਼ਤ ਹੋਇਆ ਸੀ। ਉਨ੍ਹਾਂ ਨੇ ਕਈ ਪੁਸਤਕਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਅਤੇ ਕਈ ਪੁਸਤਕਾਂ ਦੀ ਸੰਪਾਦਨਾ ਕੀਤੀ।