ਡੀਜੀਪੀ ਤੇ ਸਪੈਸ਼ਲ ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਡੀਜੀਪੀ ਗੌਰਵ ਯਾਦਵ ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Fri, 30 Jan 2026 10:41 PM (IST)
Updated Date: Fri, 30 Jan 2026 10:43 PM (IST)

-ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਨੂੰ ਲੈ ਕੇ ਜਾਰੀ ਕੀਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਡੇਰਾ ਸਚਖੰਡ ਬੱਲਾਂ ਸਥਿਤ ਪ੍ਰੋਗਰਾਮ ਵਾਲੇ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ। ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਅਪਣਾਈ ਜਾਣ ਵਾਲੀ ਸੁਰੱਖਿਆ ਰਣਨੀਤੀ, ਟ੍ਰੈਫਿਕ ਪ੍ਰਬੰਧਨ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਕੀਤੀਆਂ ਤਿਆਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਪ੍ਰੋਗਰਾਮ ਵਾਲੀ ਥਾਂ ਦੇ ਆਲੇ-ਦੁਆਲੇ ਦਾਖ਼ਲਾ ਤੇ ਨਿਕਾਸ ਮਾਰਗਾਂ, ਪਾਰਕਿੰਗ ਵਿਵਸਥਾ, ਭੀੜ ਕੰਟਰੋਲ ਤੇ ਵੀਵੀਆਈਪੀ ਮੂਵਮੈਂਟ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਨਾਲ ਹੀ ਸੁਰੱਖਿਆ ਡਿਊਟੀ ’ਚ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਵਿਵਸਥਾ ਨੂੰ ਸਰਬਉੱਚ ਤਰਜੀਹ ਦਿੱਤੀ ਗਈ ਹੈ। ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਪੱਧਰ ’ਤੇ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਇੰਤਜ਼ਾਮ ਬਹੁ-ਪੱਧਰੀ ਹੋਣਗੇ ਤੇ ਹਰ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾਵੇਗੀ। ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੀ ਸੰਪੂਰਨ ਸੁਰੱਖਿਆ ਵਿਵਸਥਾ ਸਪੈਸ਼ਲ ਡੀਜੀਪੀ ਆਈਪੀਐੱਸ ਰਾਮ ਸਿੰਘ ਦੀ ਨਿਗਰਾਨੀ ਹੇਠ ਰਹੇਗੀ। ਸੀਨੀਅਰ ਅਧਿਕਾਰੀ ਲਗਾਤਾਰ ਮੌਕੇ ’ਤੇ ਮੌਜੂਦ ਰਹਿ ਕੇ ਹਾਲਾਤ ’ਤੇ ਨਜ਼ਰ ਬਣਾਈ ਰੱਖਣਗੇ ਤਾਂ ਜੋ ਪ੍ਰੋਗਰਾਮ ਸ਼ਾਂਤੀਪੂਰਨ ਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋ ਸਕੇ।