ਲੁਟੇਰੇ 24 ਘੰਟਿਆਂ ਬਾਅਦ ਵੀ ਪੁਲਿਸ ਦੀ ਪਹੁੰਚ ’ਚੋਂ ਬਾਹਰ
ਕੜੀ ਸੁਰੱਖਿਆ ਦੇ ਬਾਵਜੂਦ ਵਿਦਿਆਰਥੀਆਂ ਤੋਂ ਲੁੱਟ ਕੇ ਭੱਜੇ ਲੁਟੇਰੇ, 24 ਘੰਟਿਆਂ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ
Publish Date: Sat, 17 Jan 2026 10:20 PM (IST)
Updated Date: Sat, 17 Jan 2026 10:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਸ਼ਟਰਪਤੀ ਦੇ ਆਗਮਨ ਨੂੰ ਲੈ ਕੇ ਐੱਨਆਈਟੀ ਦੇ ਆਸ-ਪਾਸ ਦੇ ਰੂਟਾਂ ’ਤੇ ਹਰ ਥਾਂ ਪੁਲਿਸ ਤਾਇਨਾਤ ਸੀ ਪਰ ਬੇਖੌਫ਼ ਲੁਟੇਰੇ ਪੁਲਿਸ ਦੀ ਸੁਰੱਖਿਆ ਵਿਵਸਥਾ ਵਿਚਾਲੇ ਹੀ ਵਿਦਿਆਰਥੀਆਂ ਤੋਂ ਲੁੱਟ ਕਰ ਕੇ ਫ਼ਰਾਰ ਹੋ ਗਏ। ਬਾਈਕ ਸਵਾਰ ਲੁਟੇਰੇ 24 ਘੰਟਿਆਂ ਬਾਅਦ ਵੀ ਪੁਲਿਸ ਦੀ ਪਹੁੰਚ ’ਚੋਂ ਬਾਹਰ ਹਨ। ਪੁਲਿਸ ਦੀ ਮੌਜੂਦਗੀ ’ਚ ਹੋਈ ਇਸ ਲੁੱਟ ਨੇ ਪੁਲਿਸ ਦੀ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ। ਦੂਜੇ ਪਾਸੇ ਦੋਵੇਂ ਪੀੜਤ ਵਿਦਿਆਰਥੀ ਜਦੋਂ ਥਾਣੇ ਸ਼ਿਕਾਇਤ ਦੇਣ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਸਾਰਾ ਸਟਾਫ ਵੀਆਈਪੀ ਡਿਊਟੀ ’ਚ ਰੁੱਝੇ ਹੋਇਆ ਹੈ। ਇਸ ਤੋਂ ਬਾਅਦ ਵਿਦਿਆਰਥੀ ਵਾਪਸ ਮੁੜ ਆਏ ਪਰ ਲੁਟੇਰਿਆਂ ਬਾਰੇ ਕੋਈ ਪਤਾ ਨਹੀਂ ਲੱਗਾ। ਐਡੀਸ਼ਨ ਥਾਣਾ ਇੰਚਾਰਜ ਰਜਿੰਦਰ ਕੁਮਾਰ ਨੇ ਕਿਹਾ ਕਿ ਪੀੜਤ ਸ਼ਿਕਾਇਤ ਦੇਣ ਲਈ ਥਾਣੇ ਨਹੀਂ ਆਏ ਹਨ ਤੇ ਜਿਵੇਂ ਹੀ ਸ਼ਿਕਾਇਤ ਮਿਲੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਐੱਨਆਈਟੀ ਕਾਲਜ ’ਚ ਡਿਗਰੀ ਲੈਣ ਆਏ ਦੋ ਵਿਦਿਆਰਥੀਆਂ ਤੋਂ ਲੁਟੇਰੇ ਦੋ ਮੋਬਾਈਲ ਫੋਨ ਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਪੀੜਤ ਵਿਦਿਆਰਥੀ ਗਾਜ਼ੀਆਬਾਦ ਦਾ ਰਹਿਣ ਵਾਲਾ ਤੁਸ਼ਾਰ ਤੇ ਰਾਜਸਥਾਨ ਦੀ ਇਸ਼ਿਕਾ ਨੇ ਦੱਸਿਆ ਕਿ ਉਹ ਐੱਨਆਈਟੀ ਕਾਲਜ ਦੇ ਮੇਨ ਗੇਟ ਸਾਹਮਣੇ ਬਣੇ ਫ਼ਲਾਈਓਵਰ ਤੋਂ ਸੜਕ ਪਾਰ ਕਰ ਰਹੇ ਸਨ ਕਿ ਇਸ ਦੌਰਾਨ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਲੁਟੇਰਿਆਂ ਕੋਲ ਰਾਡ ਤੇ ਬੰਦੂਕ ਸੀ। ਉਨ੍ਹਾਂ ਨੇ ਤੁਸ਼ਾਰ ’ਤੇ ਬੰਦੂਕ ਤਾਣ ਕੇ ਉਸ ਤੋਂ ਆਈਫ਼ੋਨ, ਚਾਂਦੀ ਦੀ ਅੰਗੂਠੀ ਤੇ ਚਾਂਦੀ ਦਾ ਕੜਾ ਲੁੱਟ ਲਿਆ। ਇਸੇ ਤਰ੍ਹਾਂ ਵਿਦਿਆਰਥਣ ਇਸ਼ਿਕਾ ਨੂੰ ਡਰਾ ਕੇ ਉਸ ਦਾ ਮੋਬਾਈਲ, ਪਰਸ ’ਚੋਂ ਪੰਜ ਹਜ਼ਾਰ ਰੁਪਏ ਨਕਦ, ਕੰਨਾਂ ਦੀਆਂ ਵਾਲੀਆਂ ਤੇ ਸੋਨੇ ਦੀ ਚੇਨ ਵੀ ਖੋਹ ਲਈ। ਵਾਰਦਾਤ ਤੋਂ ਬਾਅਦ ਤਿੰਨੇ ਮੁਲਜ਼ਮ ਬਾਈਕ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਮਕਸੂਦਾਂ ਥਾਣੇ ਗਏ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਫੋਰਸ ਵੀਵੀਆਈਪੀ ਡਿਊਟੀ ’ਚ ਰੁੱਝੇ ਹੋਏ ਹੈ, ਜਿਸ ਤੋਂ ਬਾਅਦ ਉਹ ਵਾਪਸ ਕਾਲਜ ਆ ਗਏ, ਜਿੱਥੇ ਉਨ੍ਹਾਂ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ।