ਪਲਾਸਟਿਕ ਡੋਰ ਕਾਰਨ ਕਬੂਤਰ ਜ਼ਖ਼ਮੀ
ਪਾਬੰਦੀ ਦੇ ਬਾਵਜੂਦ ਪਲਾਸਟਿਕ ਡੋਰ ਦਾ ਕਹਿਰ
Publish Date: Thu, 29 Jan 2026 09:19 PM (IST)
Updated Date: Thu, 29 Jan 2026 09:22 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਪਲਾਸਟਿਕ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਦੇ ਬਾਵਜੂਦ ਇਹ ਧੜੱਲੇ ਨਾਲ ਵਿਕ ਰਹੀ ਹੈ। ਲੋਕ ਤੇ ਮਾਸੂਮ ਪੰਛੀ ਹਰ ਰੋਜ਼ ਇਸ ਦੇ ਸ਼ਿਕਾਰ ਹੋ ਰਹੇ ਹਨ। ਤਾਜ਼ਾ ਘਟਨਾ ਬਸਤੀ ਦਾਨਿਸ਼ਮੰਦਾਂ ਖੇਤਰ ’ਚ ਵਾਪਰੀ, ਜਿੱਥੇ ਇਕ ਕਬੂਤਰ ਉੱਡਦੇ ਸਮੇਂ ਪਲਾਸਟਿਕ ਡੋਰ ’ਚ ਫਸਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਕਬੂਤਰ ਅਚਾਨਕ ਡੋਰ ’ਚ ਫਸ ਗਿਆ, ਜਿਸ ਨਾਲ ਉਸ ਦੇ ਖੰਭਾਂ ’ਤੇ ਡੂੰਘੇ ਜ਼ਖ਼ਮ ਹੋ ਗਏ। ਬਸਤੀ ਦਾਨਿਸ਼ਮਦਾ ਵਾਸੀ ਅਮਨ, ਜੋ ਉੱਥੋਂ ਲੰਘ ਰਿਹਾ ਸੀ, ਨੇ ਦੇਖਿਆ ਤੇ ਤੁਰੰਤ ਕਬੂਤਰ ਦੀ ਮਦਦ ਲਈ ਆਇਆ। ਅਮਨ ਨੇ ਜ਼ਖਮੀ ਕਬੂਤਰ ਦੀ ਹਾਲਤ ਦੀ ਵੀਡੀਓ ਬਣਾਈ ਤੇ ਇਸਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਪਤੰਗ ਉਡਾਉਣ ਵਾਲਿਆਂ ਨੂੰ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਡੋਰ ਨਾ ਸਿਰਫ਼ ਮਨੁੱਖਾਂ ਲਈ ਘਾਤਕ ਸਾਬਤ ਹੋ ਸਕਦਾ ਹੈ ਬਲਕਿ ਮਾਸੂਮ ਪੰਛੀਆਂ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਕਰਦਾ ਹੈ। ਅਮਨ ਨੇ ਦੱਸਿਆ ਕਿ ਕਬੂਤਰ ਦੇ ਖੰਭਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਹ ਉਸ ਨੂੰ ਘਰ ਲੈ ਗਿਆ, ਜਿੱਥੇ ਇਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਪੱਟੀ ਕੀਤੀ। ਇਕ ਦਿਨ ਦੀ ਲਗਾਤਾਰ ਦੇਖਭਾਲ ਤੇ ਦਵਾਈ ਤੋਂ ਬਾਅਦ ਕਬੂਤਰ ਦੀ ਹਾਲਤ ’ਚ ਸੁਧਾਰ ਹੋਇਆ, ਹਾਲਾਂਕਿ ਇਸ ਨੂੰ ਉੱਡਣ ’ਚ ਮੁਸ਼ਕਲ ਆ ਰਹੀ ਸੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਹੀ ਇਹ ਆਖਰਕਾਰ ਉੱਡਣ ਦੇ ਯੋਗ ਹੋ ਸਕਿਆ। ਅਮਨ ਨੇ ਦੋਸ਼ ਲਗਾਇਆ ਕਿ ਪੱਛਮੀ ਖੇਤਰਾਂ, ਖਾਸ ਕਰਕੇ ਰਸੀਲਾ ਨਗਰ ਤੇ ਆਸ ਪਾਸ ਦੇ ਇਲਾਕਿਆਂ, ਜਿਸ ’ਚ ਬਸਤੀ ਦਾਨਿਸ਼ਮਦਾ ਵੀ ਸ਼ਾਮਲ ਹੈ, ’ਚ ਡੋਰ ਖੁੱਲ੍ਹੇਆਮ ਵੇਚੀ ਜਾ ਰਹੀ ਹੈ, ਪਰ ਸਬੰਧਤ ਵਿਭਾਗਾਂ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਸਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਪਾਬੰਦੀ ਲਾਗੂ ਨਹੀਂ ਕੀਤੀ ਗਈ ਤਾਂ ਅਜਿਹੇ ਹਾਦਸੇ ਵਾਪਰਦੇ ਰਹਿਣਗੇ, ਜਿਸ ਨਾਲ ਕਈ ਮਾਸੂਮ ਜਾਨਾਂ ਖ਼ਤਰੇ ’ਚ ਪੈ ਜਾਣਗੀਆਂ।