ਬਿਹਤਰ ਖੇਤਰੀ ਸੰਪਰਕ ਵਿਕਾਸ ਨਵੇਂ ਰਾਹ ਖੋਲ੍ਹਣਗੇ ਹਾਈਵੇ ਪ੍ਰੋਜੈਕਟ : ਡੀਸੀ
ਡਿਪਟੀ ਕਮਿਸ਼ਨਰ ਨੇ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
Publish Date: Sat, 06 Dec 2025 07:11 PM (IST)
Updated Date: Sat, 06 Dec 2025 07:12 PM (IST)
-ਐਕਵਾਇਰ ਕੀਤੀ ਜ਼ਮੀਨ ਦੇ ਪੈਂਡਿੰਗ ਇੰਤਕਾਲਾਂ ਦੇ ਜਲਦ ਨਿਪਟਾਰੇ 'ਤੇ ਦਿੱਤਾ ਜ਼ੋਰ
-ਅਧਿਕਾਰੀਆਂ ਨੂੰ ਜਲੰਧਰ-ਫਗਵਾੜਾ ਹਾਈਵੇ 'ਤੇ ਸਟ੍ਰੀਟ ਲਾਈਟਾਂ ਤੇ ਸਾਫ-ਸਫਾਈ ਯਕੀਨੀ ਬਣਾਉਣ ਲਈ ਵੀ ਕਿਹਾ
----
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜਲੰਧਰ ਜ਼ਿਲ੍ਹੇ ’ਚ ਚੱਲ ਰਹੇ ਪ੍ਰਮੁੱਖ ਹਾਈਵੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਜਿਨ੍ਹਾਂ ’ਚ ਦਿੱਲੀ-ਕੱਟੜਾ ਐਕਸਪ੍ਰੈਸਵੇਅ, ਅੰਮ੍ਰਿਤਸਰ-ਬਠਿੰਡਾ ਪ੍ਰੋਜੈਕਟ ਤੇ ਫਗਵਾੜਾ-ਹੁਸ਼ਿਆਰਪੁਰ ਹਾਈਵੇ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਪਹਿਲਾਂ ਹੀ ਐਕਵਾਇਰ ਕੀਤੀ ਗਈ ਜ਼ਮੀਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਪੱਖ ’ਚ ਪੈਂਡਿੰਗ ਇੰਤਕਾਲਾਂ ਦੇ ਜਲਦ ਨਿਪਟਾਰੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਪੈਂਡਿੰਗ ਇੰਤਕਾਲਾਂ ਬਾਰੇ ਇਕ ਵਿਸਥਾਰਤ ਰਿਪੋਰਟ ਤਿਆਰ ਕਰਨ ਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਹੱਤਵਪੂਰਨ ਪ੍ਰੋਜੈਕਟਾਂ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਇਨ੍ਹਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਚੱਲ ਰਹੇ ਹਾਈਵੇ ਪ੍ਰੋਜੈਕਟਾਂ ਨੂੰ ਜ਼ਿਲ੍ਹੇ ਦੇ ਆਰਥਿਕ ਵਿਕਾਸ ਲਈ ਮੀਲ ਪੱਥਰ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਹਤਰ ਖੇਤਰੀ ਸੰਪਰਕ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ। ਉਨ੍ਹਾਂ ਚੱਲ ਰਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਾਲੇ, ਅੰਤਰ-ਵਿਭਾਗੀ ਯਤਨਾਂ ’ਤੇ ਜ਼ੋਰ ਦਿੱਤਾ। ਡਾ. ਅਗਰਵਾਲ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਜਲੰਧਰ-ਫਗਵਾੜਾ ਹਾਈਵੇ 'ਤੇ ਢੁੱਕਵੀਂ ਸਾਫ਼-ਸਫਾਈ, ਕਾਰਜਸ਼ੀਲ ਲਾਈਟਾਂ, ਪੁਲਿਸ ਟੀਮਾਂ ਦੀ ਤਾਇਨਾਤੀ ਤੇ ਸੁਚਾਰੂ ਟ੍ਰੈਫਿਕ ਪ੍ਰਬੰਧਨ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਦੀ ਲੋਕੇਸ਼ਨ ਦਰਸਾਉਂਦੇ ਸਾਈਨ ਬੋਰਡ ਲਗਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਇਸ ਪ੍ਰਮੁੱਖ ਸੰਸਥਾ ’ਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਹੂਲਤ ਮਿਲ ਸਕੇ। ਮੀਟਿੰਗ ਦੌਰਾਨ ਪੀਏਪੀ ਫਲਾਈਓਵਰ ’ਤੇ ਵਾਧੂ ਰੈਂਪ ਦੇ ਨਿਰਮਾਣ, ਰਾਸ਼ਟਰੀ ਰਾਜਮਾਰਗਾਂ ਦੇ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ, ਟੋਇਆਂ ਦੀ ਮੁਰੰਮਤ ਤੇ ਸੁੰਦਰੀਕਰਨ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਡਾ. ਅਗਰਵਾਲ ਨੇ ਖਾਸ ਕਰ ਆਉਣ ਵਾਲੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਰਾਸ਼ਟਰੀ ਰਾਜਮਾਰਗਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।