ਡੀਸੀ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਵਰਤਣ ਦੀ ਅਪੀਲ
ਡਿਪਟੀ ਕਮਿਸ਼ਨਰ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਦੀ ਵਰਤੋਂ ਕਰਨ ਦੀ ਅਪੀਲ
Publish Date: Sat, 15 Nov 2025 08:12 PM (IST)
Updated Date: Sat, 15 Nov 2025 08:14 PM (IST)

-ਡਿਜੀਟਲ ਪਹਿਲ ਨੂੰ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦਾ ਤੇਜ਼ ਤੇ ਸੁਚਾਰੂ ਹੱਲ ਦੱਸਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਰਾਜ ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ, ਜੋ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦੇ ਜਲਦ ਤੇ ਸੁਵਿਧਾਜਨਕ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਡਿਜੀਟਲ ਪਹਿਲ ਹੈ। ਉਨ੍ਹਾਂ ਇਹ ਅਪੀਲ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਲਗਾਏ ਪੈਨਸ਼ਨਰ ਸੇਵਾ ਮੇਲੇ ਦਾ ਦੌਰਾ ਕਰਦਿਆਂ ਕੀਤੀ। ਇਸ ਮੌਕੇ ਬੋਲਦਿਆਂ ਡਾ. ਅਗਰਵਾਲ ਨੇ ਕਿਹਾ ਕਿ ਇਹ ਪੋਰਟਲ ਪੈਨਸ਼ਨਰਾਂ ਦੇ ਅਨੁਭਵ ਨੂੰ ਹੋਰ ਵੀ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਹ ਘਰ ਬੈਠੇ ਇਕ ਕਲਿੱਕ ਨਾਲ ਆਪਣੇ ਪੈਨਸ਼ਨ ਖਾਤਿਆਂ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਪਲੇਟਫਾਰਮ ਪੈਨਸ਼ਨਰਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਬੈਂਕਾਂ ’ਚ ਜਾਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਤੇ ਜਾਣਕਾਰੀ ਤੇ ਅਪਡੇਟਸ ਲਈ ਇਕ ਭਰੋਸੇਮੰਦ ਤੇ ਪਾਰਦਰਸ਼ੀ ਪ੍ਰਣਾਲੀ ਪ੍ਰਦਾਨ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਰਟਲ ਦੀ ਵਰਤੋਂ ਕਰਨ ਲਈ ਪੈਨਸ਼ਨਰਾਂ ਨੂੰ ਆਪਣੀ ਈ-ਕੇਵਾਈਸੀ ਪ੍ਰਕਿਰਿਆ ਖਜ਼ਾਨਾ ਦਫ਼ਤਰ ਜਾਂ ਆਪਣੇ ਸਬੰਧਤ ਬੈਂਕਾਂ ’ਚ ਪੂਰੀ ਕਰਨੀ ਪਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ ਇਕ ਲਾਗਇਨ ਆਈਡੀ ਪ੍ਰਾਪਤ ਹੋਵੇਗੀ। ਇਕ ਵਾਰ ਪੋਰਟਲ ਤੇ ਰਜਿਸਟਰ ਹੋਣ ਤੋਂ ਬਾਅਦ ਪੈਨਸ਼ਨਰ ਆਪਣੇ ਪੈਨਸ਼ਨ ਖਾਤਿਆਂ ਬਾਰੇ ਵਿਸਥਾਰਤ ਜਾਣਕਾਰੀ ਚੈੱਕ ਕਰ ਸਕਦੇ ਹਨ, ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਤੇ ਘਰ ਬੈਠੇ ਸੇਵਾਵਾਂ ਸਬੰਧੀ ਅਰਜ਼ੀਆਂ ਨੂੰ ਟਰੈਕ ਕਰ ਸਕਦੇ ਹਨ। ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ, ਖਜ਼ਾਨਾ ਅਫ਼ਸਰ ਹਰਸ਼ ਬਾਲਾ, ਦੀਪਤੀ ਗੁਪਤਾ, ਸੀਮਾ ਤੇ ਹੋਰ ਅਧਿਕਾਰੀਆਂ ਨੇ ਡਾ. ਅਗਰਵਾਲ ਦਾ ਪੈਨਸ਼ਨਰ ਮੇਲੇ ’ਚ ਪਹੁੰਚਣ ’ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਮੇਲੇ ’ਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।