ਠੰਢਾ ਪੈਣ ਲੱਗਾ ਡੇਂਗੂ ਦਾ ਡੰਗ ਪਰ ਵਾਇਰਲ ਬੁਖਾਰ ਦਾ ਖੌਫ ਜਾਰੀ
ਠੰਢਾ ਪੈਣ ਲੱਗਿਆ ਡੇਂਗੂ ਦਾ ਡੰਕ, ਪਰ ਵਾਇਰਲ ਬੁਖਾਰ ਦਾ ਖੌਫ ਜਾਰੀ
Publish Date: Wed, 26 Nov 2025 08:06 PM (IST)
Updated Date: Wed, 26 Nov 2025 08:08 PM (IST)

-ਸਿਵਲ ਹਸਪਤਾਲ ਦਾ ਡੇਂਗੂ ਵਾਰਡ ਖਾਲੀ, ਪਿਛਲੇ ਹਫ਼ਤੇ ਡੇਂਗੂ ਦੇ ਤਿੰਨ ਕੇਸ ਆਏ -ਵਾਇਰਲ ਬੁਖਾਰ ਦੇ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਜਾਰੀ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ ਘਟਣ ਦੇ ਨਾਲ ਹੀ ਡੇਂਗੂ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਘਰਾਂ ਦੇ ਅੰਦਰ ਡੇਂਗੂ ਮੱਛਰ ਨੂੰ ਜਿਊਂਦਾ ਰਹਿਣ ਲਈ ਉਚਿਤ ਤਾਪਮਾਨ ਮਿਲਣ ਕਾਰਨ ਡੇਂਗੂ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ। ਦੂਜੇ ਪਾਸੇ, ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਵਾਇਰਲ ਬੁਖਾਰ ਦੇ ਮਰੀਜ਼ਾਂ ਦੇ ਪੁੱਜਣ ਦਾ ਸਿਲਸਿਲਾ ਜਾਰੀ ਹੈ। ਵਾਇਰਲ ਬੁਖਾਰ ਦੇ ਨਾਲ-ਨਾਲ ਲੋਕਾਂ ਨੂੰ ਚਿਕਨਗੁਨੀਆ ਦਾ ਵੀ ਡਰ ਸਤਾ ਰਿਹਾ ਹੈ। ਡਾਕਟਰਾਂ ਨੇ ਵਾਇਰਲ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਪਰਿਵਾਰ ਦੇ ਬਾਕੀ ਮੈਂਬਰ ਮਰੀਜ਼ ਤੋਂ ਕੁਝ ਦੂਰੀ ਬਣਾਈ ਰੱਖਣ। ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਹੋਣ ਨਾਲ ਖੁੱਲ੍ਹੇ ’ਚ ਪਲਣ ਵਾਲੇ ਡੇਂਗੂ ਮੱਛਰ ਤੋਂ ਰਾਹਤ ਮਿਲ ਰਹੀ ਹੈ। ਇਸ ਵੇਲੇ ਡੇਂਗੂ ਦੇ ਮੱਛਰਾਂ ਨੂੰ ਘਰਾਂ ਦੇ ਅੰਦਰ ਸਟੋਰ ਰੂਮ, ਪਰਦਿਆਂ ਪਿੱਛੇ, ਹਨੇਰੇ ਕਮਰਿਆਂ ਤੇ ਫਰਿਜ ਦੀ ਪਿਛਲੀ ਟਰੇਅ ’ਚ ਪਨਪਣ ਲਈ ਕਾਫ਼ੀ ਤਾਪਮਾਨ ਮਿਲ ਰਿਹਾ ਹੈ। ਹਾਲਾਂਕਿ ਡੇਂਗੂ ਦੇ ਨਵੇਂ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਕਮੀ ਆਈ ਹੈ। ਪਿਛਲੇ ਇਕ ਹਫ਼ਤੇ ’ਚ ਸਿਵਲ ਹਸਪਤਾਲ ’ਚ ਡੇਂਗੂ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ। ਨਿੱਜੀ ਹਸਪਤਾਲਾਂ ’ਚ ਦਾਖਲ ਤਿੰਨ ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਜ਼ਰੂਰ ਹੋਈ ਹੈ। ਸਿਵਲ ਹਸਪਤਾਲ ਦੇ ਡਾ. ਤਰਸੇਮ ਲਾਲ ਨੇ ਦੱਸਿਆ ਕਿ ਡੇਂਗੂ ਦੇ ਨਵੇਂ ਮਰੀਜ਼ ਨਾਮ ਸਿਰਫ ਰਹਿ ਗਏ ਹਨ। ਜਦਕਿ ਵਾਇਰਲ ਬੁਖਾਰ ਦੇ ਕੇਸਾਂ ’ਚ ਪਿਛਲੇ ਹਫ਼ਤੇ ਅੰਦਰ ਕੁਝ ਕਮੀ ਆਈ ਹੈ ਪਰ ਮਰੀਜ਼ਾਂ ਦਾ ਆਉਣਾ ਲਗਾਤਾਰ ਜਾਰੀ ਹੈ। ਵਾਇਰਲ ਕਾਰਨ ਹੋਣ ਵਾਲੀ ਕਮਜ਼ੋਰੀ ਨਾਲ ਮਰੀਜ਼ਾਂ ਨੂੰ ਦਿੱਕਤ ਆ ਰਹੀ ਹੈ। ਮਰੀਜ਼ਾਂ ਨੂੰ ਪੂਰਾ ਆਰਾਮ ਤੇ ਚੰਗੀ ਖੁਰਾਕ ਦੀ ਸਲਾਹ ਦਿੱਤੀ ਜਾ ਰਹੀ ਹੈ। ਵਾਇਰਲ ਮਰੀਜ਼ਾਂ ’ਚ ਲਗਪਗ 10 ਫੀਸਦੀ ਕਮੀ ਦਰਜ ਕੀਤੀ ਗਈ ਹੈ। ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਆਦਿਤਿਆ ਸਿੰਘ ਮੁਤਾਬਕ, ਇਸ ਵਾਰ ਟੀਮਾਂ ਨੇ ਹਾਈ-ਰਿਸਕ ਇਲਾਕਿਆਂ ਤੇ ਖਾਸ ਧਿਆਨ ਦਿੱਤਾ। ਹੋਰ ਜ਼ਿਲ੍ਹਿਆਂ ਨਾਲੋਂ ਜਲੰਧਰ ’ਚ ਕੇਸ ਕਾਫ਼ੀ ਘੱਟ ਰਹੇ। ਪਿਛਲੇ ਹਫ਼ਤੇ 3 ਤੇ ਬੁੱਧਵਾਰ ਨੂੰ ਇਕ ਨਵਾਂ ਕੇਸ ਪੁਸ਼ਟੀ ਹੋਣ ਨਾਲ ਇਹ ਅੰਕੜਾ 118 ਤੱਕ ਪੁੱਜ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਹਾਲੇ ਵੀ ਡੇਂਗੂ ਤੋਂ ਬਚਾਵ ਲਈ ਸਾਵਧਾਨ ਰਹਿਣ ਦੀ ਸਲਾਹ ਦਿੱਤੀ। -------------------- ਸਾਲਾਨਾ ਡੇਂਗੂ ਕੇਸ (ਜਲੰਧਰ) 2015 - 1047 2016 - 580 2017 - 455 2018 - 700 2019 - 415 2020 - 236 2021 - 631 2022 - 402 2023 - 176 2024 - 127 2025 -118