10 ਡਿਗਰੀ ਤੱਕ ਪੁੱਜਾ ਘੱਟੋ-ਘੱਟ ਪਾਰਾ, ਮੁੜ ਵਧ ਰਹੇ ਡੇਂਗੂ ਦੇ ਮਰੀਜ਼
ਜਾਸ, ਜਲੰਧਰ :
Publish Date: Fri, 21 Nov 2025 09:21 PM (IST)
Updated Date: Fri, 21 Nov 2025 09:25 PM (IST)

ਜਾਸ, ਜਲੰਧਰ : ਤਾਪਮਾਨ ਵਿਚ ਕਮੀ ਦੇ ਬਾਵਜੂਦ, ਡੇਂਗੂ ਦੇ ਡੰਗ ਦਾ ਖ਼ਤਰਾ ਬਰਕਰਾਰ ਹੈ। ਡੇਂਗੂ, ਜਿਸ ਨੂੰ ਟਾਈਗਰ ਮਾਸਕੀਟੋ ਵੀ ਕਿਹਾ ਜਾਂਦਾ ਹੈ, ਖੁੱਲ੍ਹੇ ਅਸਮਾਨ ਦੇ ਹੇਠਾਂ ਕਮਜ਼ੋਰ ਹੋ ਗਿਆ ਹੈ ਪਰ ਘਰਾਂ ’ਚ ਇਨ੍ਹਾਂ ਦਾ ਦਮ ਬਰਕਰਾਰ ਹੈ। ਜ਼ਿਲ੍ਹੇ ’ਚ ਵੱਧ ਤੋਂ ਵੱਧ ਤਾਪਮਾਨ 25 ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਹਾਲਾਂਕਿ, ਡੇਂਗੂ 16 ਡਿਗਰੀ ਸੈਲਸੀਅਸ ਤੱਕ ਹੀ ਜਿਊਂਦਾ ਰਹਿੰਦਾ ਹੈ। ਜ਼ਿਲ੍ਹੇ ’ਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਖੁੱਲ੍ਹੇ ’ਚ ਡੇਂਗੂ ਦਾ ਲਾਰਵਾ ਘੱਟ ਤੇ ਘਰਾਂ ’ਚ ਜ਼ਿਆਦਾ ਮਿਲ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਘਰਾਂ ’ਚ ਅਨੁਕੂਲ ਤਾਪਮਾਨ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਘਰਾਂ ਵਿਚ ਤਾਪਮਾਨ ’ਚ ਕਮੀ ਆਉਣ ਨਾਲ ਡੇਂਗੂ ਤੋਂ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ। ਜ਼ਿਲ੍ਹੇ ਵਿਚ ਸਿਹਤ ਵਿਭਾਗ ਨੂੰ 1673 ਥਾਵਾਂ ’ਤੇ ਲਾਰਵਾ ਮਿਲ ਚੁੱਕਾ ਹੈ, ਜਦਕਿ ਡੇਂਗੂ ਦੇ 113 ਮਰੀਜ਼ ਰਿਪੋਰਟ ਹੋ ਚੁੱਕੇ ਹਨ। -- ਸਵੇਰੇ 11 ਤੋਂ ਸ਼ਾਮ ਨੂੰ ਸੂਰਜ ਡੁੱਬਣ ਤੱਕ ਖ਼ਤਰਾ ਬਰਕਰਾਰ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਆਦਿਤਿਆ ਸਿੰਘ ਦਾ ਕਹਿਣਾ ਹੈ ਕਿ ਹਾਲਾਂਕਿ ਘੱਟੋ-ਘੱਟ ਤਾਪਮਾਨ ’ਚ ਕਮੀ ਆਈ ਹੈ ਪਰ ਡੇਂਗੂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ ਸੂਰਜ ਡੁੱਬਣ ਤੱਕ ਸਰਗਰਮ ਰਹਿੰਦਾ ਹੈ ਤੇ ਲੋਕਾਂ ਨੂੰ ਡੰਗ ਮਾਰਦਾ ਹੈ। ਇਸ ਸਮੇਂ ਦੌਰਾਨ ਦੁਪਹਿਰ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਕਾਰਨ ਇਸ ਦਾ ਖ਼ਤਰਾ ਬਰਕਰਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਤੇ ਰਾਤ ਨੂੰ ਐਂਟੀ ਮਾਸਕੀਟੋ ਉਪਕਰਨ ਚਾਲੂ ਰੱਖਣ। --- ਫ੍ਰਿਜ ਦੀ ਬੈਕ ਟਰੇਅ ਤੇ ਸਟੋਰ ’ਚ ਲੁਕਿਆ ਰਹਿੰਦਾ ਡੇਂਗੂ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਆਦਿਤਿਆ ਸਿੰਘ ਨੇ ਦੱਸਿਆ ਕਿ ਡੇਂਗੂ ਘਰਾਂ ਵਿਚ ਹਨੇਰੇ ਤੇ ਗਰਮ ਸਥਾਨਾਂ ’ਤੇ ਜ਼ਿਆਦਾ ਮਿਲਦਾ ਹੈ। ਡੇਂਗੂ ਫ੍ਰਿਜ ਦੀ ਬੈਕ ਟਰੇਅ, ਅਲਮਾਰੀ ਪਿੱਛੇ, ਸਟੋਰ ’ਚ, ਪਰਦਿਆਂ ਪਿੱਛੇ ਤੇ ਉਨ੍ਹਾਂ ਥਾਵਾਂ ’ਤੇ ਜਿੱਥੇ ਅਕਸਰ ਹਨੇਰਾ ਰਹਿੰਦਾ ਹੈ, ਉੱਥੇ ਜਿਊਂਦਾ ਰਹਿਣ ਲਈ ਯੋਗ ਤਾਪਮਾਨ ਮਿਲਣ ਕਾਰਨ ਸਰਗਰਮ ਰਹਿੰਦਾ ਹੈ। ਉਨ੍ਹਾਂ ਨੇ ਇਨ੍ਹਾਂ ਸਥਾਨਾਂ ’ਤੇ ਸਮੇਂ-ਸਮੇਂ ਤੇ ਛਿੜਕਾਅ ਅਤੇ ਸਾਫ਼-ਸਫਾਈ ਰੱਖਣ ਦੀ ਗੱਲ ਕੀਤੀ ਹੈ।