ਡਿਊਟੀਆਂ ਦੂਰ-ਦੁਰਾਡੇ ਲਾਉਣ ਦੀ ਨਿਖੇਧੀ
ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਲਾਉਣ ਦੀ ਸਖਤ ਸ਼ਬਦਾਂ ’ਚ ਨਿਖੇਧੀ
Publish Date: Wed, 10 Dec 2025 09:17 PM (IST)
Updated Date: Wed, 10 Dec 2025 09:18 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਦੀ ਇਕਾਈ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾਂ ’ਚ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੂਰ ਲਗਾਉਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਜਾਂਦੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਸਕੱਤਰ ਜਸਵੀਰ ਸਿੰਘ ਸੰਧੂ, ਵਿੱਤ ਸਕੱਤਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧੰਜੂ, ਰਾਮ ਲਾਲ ਬੋਪਾਰਾਏ ਵੱਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਹੁਤ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਤਿੰਨ ਥਾਵਾਂ ’ਤੇ ਲਗਾਈਆਂ ਗਈਆਂ ਹਨ। ਕਿਸੇ ਵੀ ਜਾਣੇ-ਅਣਜਾਣੇ ਕਾਰਨ ਕਰਕੇ ਜੇ ਅਧਿਆਪਕ ਦੂਜੀ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਤਾਂ ਸਰਕਾਰ ਵੱਲੋਂ ਨੋਟਿਸ ਕੱਢੇ ਜਾਂਦੇ ਹਨ ਤੇ ਅਧਿਆਪਕਾਂ ਨੂੰ ਨੋਟਿਸ ਦਾ ਜੁਆਬ ਦੇਣ ਲਈ ਕਾਫ਼ੀ ਖ਼ੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਚੋਣਾਂ ਦੌਰਾਨ ਬਹੁਤ ਸਾਰੀਆਂ ਡਿਊਟੀਆਂ 70 ਕਿੱਲੋਮੀਟਰ ਦੂਰ ਲਗਾਈਆਂ ਗਈਆਂ ਹਨ। ਅਧਿਆਪਕ ਆਗੂਆਂ ਵੱਲੋਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਵਿਧਵਾ, ਤਲਾਕਸ਼ੁਦਾ, ਛੋਟੇ ਬੱਚਿਆਂ ਦੀਆਂ ਮਾਵਾਂ ਤੇ ਗਰਭਵਤੀ ਔਰਤਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਕਪਲ ਕੇਸ ’ਚ ਦੋਹਾਂ ’ਚੋਂ ਇਕ ਜਣੇ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਪੋਲਿੰਗ ਸਟਾਫ਼ ਨੂੰ ਮਿਹਨਤਾਨਾ ਦਿੱਤਾ ਜਾਵੇ, ਚੋਣ ਡਿਊਟੀਆਂ ਮੁਲਾਜ਼ਮਾਂ ਦੀ ਰਿਹਾਇਸ਼ ਨੇੜੇ ਲਗਾਈਆਂ ਜਾਣ, ਬੂਥਾਂ ਤੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ।