ਵਨ ਟਾਈਮ ਸੈਟਲਮੈਂਟ ਸਕੀਮ ਤਿੰਨ ਮਹੀਨੇ ਵਧਾਉਣ ਦੀ ਮੰਗ
ਇੰਪਰੂਵਮੈਂਟ ਟਰੱਸਟ ਦੇ ਅਲਾਟੀਆਂ ਲਈ ਜਾਰੀ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਤਿੰਨ ਮਹੀਨੇ ਵਧਾਉਣ ਦੀ ਮੰਗ
Publish Date: Wed, 24 Dec 2025 09:02 PM (IST)
Updated Date: Wed, 24 Dec 2025 09:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਇੰਪਰੂਵਮੈਂਟ ਟਰਸਟ ਦੀ ਇਨਹਾਂਸਮੈਂਟ ਯੋਜਨਾ ਸਬੰਧੀ ਜਾਰੀ ਵਨ ਟਾਈਮ ਸੈਟਲਮੈਂਟ (ਓਟੀਐੱਸ) ਸਕੀਮ ਦੀ ਮਿਆਦ ਤਿੰਨ ਮਹੀਨੇ ਵਧਾਉਣ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਫਸਰ ਰਾਜੇਸ਼ ਚੌਧਰੀ ਨੂੰ ਮੈਮੋਰੈਂਡਮ ਸੌਂਪਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਹਾਲੇ ਤੱਕ ਅਲਾਟੀਆਂ ਨੂੰ ਸਹੀ ਬਕਾਇਆ ਰਕਮ ਦੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਗਈ, ਜਿਸ ਕਾਰਨ ਕਈ ਲਾਭਪਾਤਰੀ ਸਮੇਂ ਸਿਰ ਸਕੀਮ ਦਾ ਲਾਭ ਨਹੀਂ ਲੈ ਪਾ ਰਹੇ ਹਨ। ਇਸ ਤੋਂ ਇਲਾਵਾ, ਸਾਲ 2021 ਦੇ ਨੋਟੀਫਿਕੇਸ਼ਨ ਦੇ ਉਲਟ ਵੱਧ ਵਿਆਜ ਵਸੂਲਣ ਸਬੰਧੀ ਵੀ ਗੰਭੀਰ ਇਤਰਾਜ਼ ਹਨ। ਪ੍ਰਧਾਨ ਰਾਜੀਵ ਧਮੀਜਾ ਨੇ ਕਿਹਾ ਕਿ ਜ਼ਿਆਦਾਤਰ ਅਲਾਟੀਆਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਮਈ ਤੇ ਜੂਨ 2025 ’ਚ ਅਰਜ਼ੀਆਂ ਦਿੱਤੀਆਂ ਸਨ ਪਰ ਟਰੱਸਟ ਦਸੰਬਰ ਤੱਕ ਵੀ ਸਹੀ ਰਕਮ ਦੀ ਜਾਣਕਾਰੀ ਨਹੀਂ ਦੇ ਸਕਿਆ। ਲੋਕਾਂ ਨੂੰ 20 ਦਸੰਬਰ ਤੋਂ ਬਾਅਦ ਬਕਾਇਆ ਰਕਮ ਦੇ ਨੋਟਿਸ ਮਿਲ ਰਹੇ ਹਨ, ਜਿਨ੍ਹਾਂ ’ਚ ਬਕਾਇਆ ਰਕਮ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਦਾ ਦੋਸ਼ ਹੈ ਕਿ ਜਿਨ੍ਹਾਂ ਸਾਲਾਂ ਦੀ ਰਕਮ ਉਹ ਪਹਿਲਾਂ ਹੀ ਜਮ੍ਹਾ ਕਰਵਾ ਚੁੱਕੇ ਹਨ, ਉਨ੍ਹਾਂ ਸਾਲਾਂ ਦੀ ਰਕਮ ਵੀ ਬਕਾਇਆ ਵਜੋਂ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪਾਰਦਰਸ਼ੀ ਤਰੀਕੇ ਨਾਲ ਸਹੀ ਵੇਰਵਾ ਉਪਲੱਬਧ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਵਨ ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਘੱਟੋ-ਘੱਟ ਤਿੰਨ ਮਹੀਨੇ ਹੋਰ ਵਧਾਈ ਜਾਵੇ। ਮੈਂਬਰਾਂ ਨੇ ਆਸ ਪ੍ਰਗਟਾਈ ਕਿ ਸਬੰਧਤ ਅਧਿਕਾਰੀ ਜਨਹਿਤ ਨੂੰ ਧਿਆਨ ’ਚ ਰੱਖਦੇ ਹੋਏ ਸਕਾਰਾਤਮਕ ਫੈਸਲਾ ਲੈਣਗੇ। ਇਸ ਮੌਕੇ ਸੁਸਾਇਟੀ ਵੱਲੋਂ ਅਮਿਤ ਜੱਗੀ, ਮਦਨ ਲਾਲ, ਸੁਦੇਸ਼ ਚਿੱਬ, ਹਰਜਿੰਦਰ ਸਿੰਘ ਤੇ ਵਿਕਾਸ ਅਗਰਵਾਲ ਮੌਜੂਦ ਸਨ।