ਸਿੱਖ ਨਾਇਕਾਂ ਦੀਆਂ ਨਕਲਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਲਾਈਟ ਐਂਡ ਸਾਊਂਡ ਮਲਟੀ ਮੀਡੀਆ ਸ਼ੋਅ ਦੇ ਨਾਇਕਾਂ ਦੀਆਂ ਨਕਲਾਂ ਕਰਨ ਸਬੰਧੀ ਗੜਗੰਜ ਨੂੰ ਦਿਤਾ ਮੰਗ ਪੱਤਰ
Publish Date: Mon, 17 Nov 2025 07:20 PM (IST)
Updated Date: Mon, 17 Nov 2025 07:22 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ 350 ਸਾਲਾਂ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਮਲਟੀਮੀਡੀਆ ਸ਼ੋਅ ਮੌਕੇ ਨੌਵੇਂ ਪਾਤਸ਼ਾਹ ਦੇ ਇਤਿਹਾਸ ਨਾਲ ਸੰਬੰਧਿਤ, ਗੁਰਸਿੱਖਾਂ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਲੱਖੀ ਸ਼ਾਹ ਵਣਜਾਰਾ ਤੇ ਹੋਰ ਸਿੱਖ ਨਾਇਕਾਂ ਦੇ ਕਿਰਦਾਰ ਕੁਝ ਵਿਅਕਤੀਆਂ ਵੱਲੋਂ ਕੀਤੇ ਜਾਣ ਵਿਰੁੱਧ ਅਵਾਜ਼ ਏ ਕੌਮ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਾਇਕਾਂ ’ਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਹੈ। ਅਵਾਜ਼ ਏ ਕੌਮ ਦੇ ਆਗੂ ਹਰਜਿੰਦਰ ਸਿੰਘ ਜਿੰਦਾ ਨੇ ਕਿਹਾ ਕਿ ਇਸ ਪ੍ਰੋਗਰਾਮ ’ਚ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਫੈਸਲੇ/ਸਿੱਖੀ ਸਿਧਾਂਤ/ ਆਪਣੇ ਹੀ ਪਾਸ ਕੀਤੇ ਮਤੇ ਵਿਰੁੱਧ ਜਾ ਕੇ ਇਹ ਘਟੀਆ ਹਰਕਤ, ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮੁੱਖ ਸਕੱਤਰ, ਕੁਲਵੰਤ ਸਿੰਘ ਮੰਨਣ ਦੀ ਹਾਜ਼ਰੀ ’ਚ ਕੀਤੀ ਗਈ ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ। ਸ਼੍ਰੋਮਣੀ ਕਮੇਟੀ ਦੀ ਇਸ ਹਰਕਤ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਸਿੱਖ ਕੌਮ ਆਪ ਵੱਲ ਦੇਖ ਰਹੀ ਹੈ ਕਿ ਭਾਈ ਮੱਖਣ ਸ਼ਾਹ ਲੁਬਾਣਾ, ਲੱਖੀ ਸ਼ਾਹ ਵਣਜਾਰਾ ਤੇ ਹੋਰ ਸਿੱਖ ਨਾਇਕਾਂ ਦੀਆਂ ਨਕਲਾਂ ਕਰਨ ਵਾਲਿਆਂ ਤੋਂ ਲੈ ਕੇ ਜਿੰਨੇ ਵੀ ਪ੍ਰਬੰਧਕ, ਸਹਾਇਕ ਜਾਂ ਹੋਰ ਜੋ ਵੀ ਇਸ ਮਹਾਂ ਗੁਨਾਹ ’ਚ ਸ਼ਾਮਲ ਹਨ, ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਅੱਗੇ ਤੋਂ ਅਜਿਹੇ ਲਾਈਟ ਐਂਡ ਸਾਊਂਡ ਮਲਟੀਮੀਡੀਆ ਸ਼ੋਆਂ ’ਤੇ ਮੁਕੰਮਲ ਪਾਬੰਦੀ ਲੱਗੇ। ਇਸ ਮੌਕੇ ਆਵਾਜ਼ ਏ ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਬਲਦੇਵ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਜਥੇਦਾਰ ਭੁਪਿੰਦਰ ਸਿੰਘ, ਜਥੇਦਾਰ ਅਰਵਿੰਦਰ ਸਿੰਘ, ਜਥੇਦਾਰ ਲਖਵਿੰਦਰ ਸਿੰਘ ਬਲੌਂਗੀ, ਪ੍ਰਤਾਪ ਸਿੰਘ ਆਦਿ ਸ਼ਾਮਲ ਸਨ।