ਦਿੱਲੀ ਦੇ ਟ੍ਰੈਵਲ ਏਜੰਟ ਦੇ ਰਿਚੀ ਟ੍ਰੈਵਲਜ਼ ਨਾਲ ਕੁਨੈਕਸ਼ਨਾਂ ਦੀ ਜਾਂਚ
ਦਿੱਲੀ ਟ੍ਰੈਵਲ ਏਜੰਟ ਦੇ ਰਿਚੀ ਟ੍ਰੈਵਲਜ਼ ਨਾਲ ਕੁਨੈਕਸ਼ਨਾਂ ਦੀ ਜਾਂਚ, ਦਿੱਲੀ ਡਿਜੀਟਲ ਚੈਟ ’ਚ ਮਿਲੇ ਸਬੂਤ
Publish Date: Sat, 20 Dec 2025 10:05 PM (IST)
Updated Date: Sat, 20 Dec 2025 10:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਧਰ : ਦਿੱਲੀ ਦੇ ਟਰੈਵਲ ਏਜੰਟ ਤਰੁਣ ਛਾਂਬੜਾ ਕੋਲੋਂ ਕਰੋੜਾਂ ਰੁਪਏ ਦੀ ਨਕਦੀ, 6 ਕਿੱਲੋ ਸੋਨਾ ਤੇ 313 ਕਿੱਲੋ ਚਾਂਦੀ ਮਿਲਣ ਤੋਂ ਬਾਅਦ ਡੰਕੀ ਨੈੱਟਵਰਕ ’ਚ ਸ਼ਾਮਲ ਹੋਰ ਟ੍ਰੈਵਲ ਏਜੰਟਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਦਿੱਲੀ ਦੇ ਏਜੰਟ ਤੋਂ ਮਿਲੀ ਡਿਜੀਟਲ ਚੈਟ, ਮੋਬਾਈਲ ਤੇ ਲੈਪਟਾਪ ਡਾਟਾ ਨੂੰ ਪੰਜਾਬ ਤੇ ਹਰਿਆਣਾ ਦੇ ਏਜੰਟਾਂ ਦੇ ਡਾਟੇ ਨਾਲ ਮਿਲਾਇਆ ਜਾ ਰਿਹਾ ਹੈ। ਈਡੀ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ’ਚ 13 ਥਾਵਾਂ ’ਤੇ ਕੀਤੀਆਂ ਛਾਪੇਮਾਰੀਆਂ ਦੌਰਾਨ ਮਿਲੇ ਰਿਕਾਰਡਾਂ ’ਚ ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਜਲੰਧਰ ਦੇ ਰਿਚੀ ਟ੍ਰੈਵਲਜ਼ ਦਾ ਡਿਜੀਟਲ ਰਿਕਾਰਡ ਵੀ ਇਸ ਨਾਲ ਮਿਲਾਇਆ ਜਾ ਰਿਹਾ ਹੈ। ਫੋਰੈਂਸਿਕ ਰਿਪੋਰਟ ਆਉਣ ’ਚ ਹਾਲੇ ਕੁਝ ਦਿਨ ਲੱਗ ਸਕਦੇ ਹਨ। ਡੰਕੀ ਰੂਟਾਂ ਰਾਹੀਂ ਅਮਰੀਕਾ ਭੇਜਣ ਵਾਲਾ ਨੈੱਟਵਰਕ ਕਈ ਸਾਲਾਂ ਤੋਂ ਸਰਗਰਮ ਸੀ। ਇਸ ਸਾਲ ਫਰਵਰੀ ਮਹੀਨੇ ਅਮਰੀਕਾ ਤੋਂ 330 ਲੋਕਾਂ ਦੇ ਡਿਪੋਰਟ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜਿਆ ਤੇ ਈਡੀ ਨੇ ਸਖ਼ਤੀ ਕਰਦੇ ਹੋਏ ਸਾਰੇ ਏਜੰਟਾਂ ਨੂੰ ਜਾਂਚ ’ਚ ਸ਼ਾਮਲ ਕੀਤਾ। ਪੰਜਾਬ ਤੇ ਹਰਿਆਣਾ ’ਚ ਦਰਜ 19 ਐੱਫਆਈਆਰਾਂ ’ਚ ਜਿਨ੍ਹਾਂ ’ਤੇ ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਏ ਸਨ, ਈਡੀ ਨੇ ਪਹਿਲਾਂ ਉਨ੍ਹਾਂ ਨੂੰ ਸਰਵਿਲਾਂਸ ’ਤੇ ਰੱਖਿਆ। ਸੂਤਰਾਂ ਮੁਤਾਬਕ, ਇਨ੍ਹਾਂ ਮਾਮਲਿਆਂ ’ਚ ਸ਼ਾਮਲ ਏਜੰਟਾਂ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ’ਤੇ ਵੀ ਈਡੀ ਦੀ ਨਜ਼ਰ ਬਣੀ ਰਹੀ। ਹਾਲਾਂਕਿ ਕਈ ਮਾਮਲਿਆਂ ’ਚ ਸ਼ਿਕਾਇਤਕਰਤਾ ਤੇ ਟ੍ਰੈਵਲ ਏਜੰਟਾਂ ਵਿਚਕਾਰ ਪੈਸੇ ਵਾਪਸ ਕਰਕੇ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਉਸ ਤੋਂ ਪਹਿਲਾਂ ਹੀ ਈਡੀ ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਰਿਕਾਰਡ ਹਾਸਲ ਕਰ ਚੁੱਕੀ ਸੀ। ਦਿੱਲੀ ’ਚ ਟਰੈਵਲ ਏਜੰਟ ਕੋਲੋਂ ਮਿਲੀਆਂ ਮੋਬਾਈਲ ਚੈਟਾਂ ਤੇ ਡਿਜੀਟਲ ਸਬੂਤਾਂ ’ਚ ਡੰਕੀ ਰੂਟ ਨੈੱਟਵਰਕ ਦੀ ਪੂਰੀ ਜਾਣਕਾਰੀ ਹੋ ਸਕਦੀ ਹੈ। ਇਨ੍ਹਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਸਾਰੇ ਲਿੰਕ ਆਪਸ ’ਚ ਜੁੜ ਜਾਣਗੇ। ਈਡੀ ਨੈੱਟਵਰਕ ਦੇ ਮੁੱਖ ਸਰਗਣਿਆਂ ਨਾਲ ਨਾਲ ਦੂਜੇ ਤੇ ਤੀਜੇ ਪੱਧਰ ਦੇ ਆਪ੍ਰੇਟਰਾਂ ਦੀ ਵੀ ਪਛਾਣ ਕਰ ਰਹੀ ਹੈ, ਜਿਨ੍ਹਾਂ ਨੇ ਸਿੱਧੇ ਜਾਂ ਕਿਸੇ ਹੋਰ ਤਰੀਕੇ ਨਾਲ ਨੈੱਟਵਰਕ ਨੂੰ ਸਹਿਯੋਗ ਦਿੱਤਾ। ਦਿੱਲੀ ਤੋਂ ਮਿਲੀ ਕਰੋੜਾਂ ਦੀ ਨਕਦੀ, ਸੋਨਾ ਤੇ ਚਾਂਦੀ ਕਿੱਥੋਂ ਇਕੱਠੀ ਕੀਤੀ ਗਈ ਈਡੀ ਇਸ ਬਾਰੇ ਵੀ ਜਾਂਚ ਕਰ ਰਹੀ ਹੈ।