ਐੱਲਪੀਯੂ ’ਚ ਉਪ-ਰਾਸ਼ਟਰਪਤੀ ਤੇ ਰਾਜਪਾਲ ਵੱਲੋਂ ਵੰਡੀਆਂ ਗਈਆਂ ਡਿਗਰੀਆਂ
ਐਲਪੀਯੂ ’ਚ ਉਪ-ਰਾਸ਼ਟਰਪਤੀ ਤੇ ਰਾਜਪਾਲ ਵੱਲੋਂ ਵੰਡੀਆਂ ਗਈਆਂ ਡਿਗਰੀਆਂ
Publish Date: Fri, 09 Jan 2026 11:02 PM (IST)
Updated Date: Fri, 09 Jan 2026 11:03 PM (IST)

-ਕੈਂਪਸ ’ਚ 15 ਹਜ਼ਾਰ ਵਿਦਿਆਰਥੀਆਂ ਨੂੰ, ਬਾਕੀਆਂ ਨੂੰ ਕੇਂਦਰਾਂ ’ਚ ਮਿਲੀਆਂ ਡਿਗਰੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 12ਵੇਂ ਡਿਗਰੀ ਵੰਡ ਸਮਾਗਮ ਦੌਰਾਨ ਕੁੱਲ 43 ਹਜ਼ਾਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 15 ਹਜ਼ਾਰ ਵਿਦਿਆਰਥੀਆਂ ਨੂੰ ਐੱਲਪੀਯੂ ਕੈਂਪਸ ਵਿੱਚ ਹੀ ਡਿਗਰੀਆਂ ਵੰਡੀਆਂ ਗਈਆਂ, ਜਦਕਿ ਬਾਕੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਿਤ ਕੇਂਦਰਾਂ ਵਿਚ ਡਿਗਰੀਆਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਭਾਰਤ ਦੇ ਉਪ-ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ, ਯੂਨਾਈਟਡ ਕਿੰਗਡਮ ਦੀ ਸਾਬਕਾ ਪ੍ਰਧਾਨ ਮੰਤਰੀ ਮੇਰੀ ਐਲਿਜ਼ਾਬੇਥ ਟਰੱਸ ਅਤੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਸਾਲ 2023-24 ਅਤੇ 2024-25 ਦੌਰਾਨ ਨਿਯਮਿਤ, ਆਨਲਾਈਨ ਅਤੇ ਦੂਰੀ ਸਿੱਖਿਆ ਪ੍ਰਣਾਲੀ ਹੇਠ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਪ੍ਰੀਖਿਅਵਾਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਦੇ ਨਾਲ 861 ਪੀਐੱਚਡੀ ਖੋਜਕਾਰਾਂ ਅਤੇ 37 ਮੈਡਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ, ਜਦਕਿ 320 ਅਕਾਦਮਿਕ ਪਦਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਮਿਲਿਆ। ਉਪ-ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਗਰੀ ਮਿਲਣ ਨਾਲ ਯਾਤਰਾ ਖਤਮ ਨਹੀਂ ਹੁੰਦੀ, ਸਗੋਂ ਇਥੋਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਹਾਲੇ ਅੱਗੇ ਵਧ ਕੇ ਬਹੁਤ ਸਾਰੀਆਂ ਸਫਲਤਾਵਾਂ ਹਾਸਲ ਕਰਨੀਆਂ ਬਾਕੀ ਹਨ, ਜੋ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਸਹਾਇਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਫਲਤਾ ਦੇ ਪਿੱਛੇ ਦੌੜਣ ਦੀ ਲੋੜ ਨਹੀਂ, ਸਗੋਂ ਮਿਹਨਤ ਅਤੇ ਯੋਜਨਾਬੰਦੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਸਫਲਤਾ ਆਪਣੇ ਆਪ ਮਿਲ ਜਾਵੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਆ ਕੇ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਨੂੰ ਢਾਈ ਕਰੋੜ ਰੁਪਏ ਤੱਕ ਦੇ ਪੈਕੇਜ ਵੀ ਮਿਲੇ ਹਨ ਪਰ ਹਰ ਕਿਸੇ ਨੂੰ ਇੰਨਾ ਵੱਡਾ ਪੈਕੇਜ ਮਿਲਣਾ ਜ਼ਰੂਰੀ ਨਹੀਂ। ਅਜਿਹੇ ਵਿੱਚ ਚੰਗਾ ਪੈਕੇਜ ਨਾ ਮਿਲਣ ’ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਆਪਣੀਆਂ ਕਮੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੀ ਅਸਲ ਸਫਲਤਾ ਹੈ। ਉਨ੍ਹਾਂ ਆਪਣੇ ਪਿੰਡ ਦੀ ਮਿਸਾਲ ਦਿੰਦਿਆਂ ਕਿਹਾ ਕਿ ਪਹਿਲਾਂ ਉਸ ਦੀ ਕੋਈ ਪਛਾਣ ਨਹੀਂ ਸੀ ਪਰ ਅੱਜ ਉਸ ਨੂੰ ਵੀ ਮਾਣ ਮਿਲ ਰਿਹਾ ਹੈ। ਇਸ ਲਈ ਆਪਣਾ ਟੀਚਾ ਨਿਰਧਾਰਤ ਕਰੋ ਅਤੇ ਉਸਨੂੰ ਹਾਸਲ ਕਰਨ ਲਈ ਯੋਜਨਾਬੰਦੀ ਨਾਲ ਮਿਹਨਤ ਕਰੋ। ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਵੰਨ-ਸੁਵੰਨਤਾ, ਕਰੁਣਾ ਅਤੇ ਸੇਵਾ ਦੇ ਮੁੱਲਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੈਸਾ ਕਮਾਉਣਾ ਜਾਂ ਸ਼ਾਨੋ-ਸ਼ੌਕਤ ਹਾਸਲ ਕਰਨਾ ਗਲਤ ਨਹੀਂ, ਪਰ ਸਿਰਫ਼ ਆਪਣੇ ਲਈ ਹੀ ਜਿਉਣਾ ਗਲਤ ਹੈ। ਸਮਾਗਮ ਦੌਰਾਨ ਯੂਨਾਈਟਡ ਕਿੰਗਡਮ ਦੀ ਸਾਬਕਾ ਪ੍ਰਧਾਨ ਮੰਤਰੀ ਮੇਰੀ ਐਲਿਜ਼ਾਬੇਥ ਟਰੱਸ ਨੂੰ ਡਾਕਟਰੇਟ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਅਗਵਾਈ, ਲੋਕ ਸੇਵਾ ਅਤੇ ਵਿਸ਼ਵ ਰਾਜਨੀਤਿਕ ਵਿਚਾਰ-ਵਟਾਂਦਰੇ ਵਿਚ ਯੋਗਦਾਨ ਲਈ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਨੂੰ ਆਕਾਰ ਦੇਣ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੀ ਤਾਕਤ ਦੱਸਦੇ ਹੋਏ ਜੋਖ਼ਮ ਉਠਾਉਣ ਅਤੇ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਥਾਪਿਤ ਪ੍ਰਣਾਲੀਆਂ ਨੂੰ ਚੁਣੌਤੀ ਦੇਣ, ਅਸਫਲਤਾਵਾਂ ਤੋਂ ਸਿੱਖਣ ਅਤੇ ਪੱਕੇ ਵਿਸ਼ਵਾਸ ਨਾਲ ਲੀਡਰਸ਼ਿਪ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਵਾਈਸ-ਚੇਅਰਮੈਨ ਨਰੇਸ਼ ਮਿੱਤਲ, ਐੱਲਪੀਯੂ ਦੀ ਪ੍ਰੋ-ਚਾਂਸਲਰ ਡਾ. ਕਰਨਲ ਰਸ਼ਮੀ ਮਿੱਤਲ, ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਅਤੇ ਐੱਲਪੀਯੂ ਦੇ ਡਾਇਰੈਕਟਰ ਜਨਰਲ ਐੱਚ.ਆਰ. ਸਿੰਗਲਾ ਆਦਿ ਹਾਜ਼ਰ ਰਹੇ। --- ਸੰਸਕਾਰਾਂ ਨਾਲ ਹੀ ਚੱਲਦੀ ਹੈ ਸਿੱਖਿਆ : ਰਾਜਪਾਲ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਡਿਗਰੀਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਸੰਸਕਾਰਾਂ ਨਾਲ ਹੀ ਅੱਗੇ ਵਧਦੀ ਹੈ ਕਿਉਂਕਿ ਸੰਸਕਾਰਾਂ ਦੇ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਡਿਗਰੀਆਂ ਵੰਡਣ ਦਾ ਨਹੀਂ, ਸਗੋਂ ਸੰਸਕਾਰਾਂ ਅਤੇ ਆਸ਼ੀਰਵਾਦ ਦੇਣ ਦਾ ਵੀ ਹੈ। ਸਿੱਖਿਆ ਸਿਰਫ਼ ਅਕਾਦਮਿਕ ਪ੍ਰਾਪਤੀਆਂ ਤੱਕ ਸੀਮਿਤ ਨਹੀਂ ਰਹਿੰਦੀ, ਬਲਕਿ ਇਸ ਵਿੱਚ ਚਰਿੱਤਰ ਨਿਰਮਾਣ, ਮੂਲਿਆਂ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਰਾਜਪਾਲ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਇਮਾਨਦਾਰੀ, ਅਨੁਸ਼ਾਸਨ ਅਤੇ ਨੈਤਿਕ ਮੂਲਿਆਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਰਾਸ਼ਟਰੀ ਦ੍ਰਿਸ਼ਟੀਕੋਣ ਨੌਜਵਾਨਾਂ ਦੀ ਸਮਰੱਥਾ, ਇਮਾਨਦਾਰੀ ਅਤੇ ਸਮਾਜਿਕ ਵਚਨਬੱਧਤਾ ’ਤੇ ਨਿਰਭਰ ਕਰਦਾ ਹੈ। ਵਿਦਿਆਰਥੀਆਂ ਨੂੰ ਨਿੱਜੀ ਸਫਲਤਾ ਤੋਂ ਉੱਪਰ ਉਠ ਕੇ ਸੋਚਣ, ਸਮੇਂ ਨੂੰ ਰਾਸ਼ਟਰੀ ਸੰਪਤੀ ਵਜੋਂ ਮਾਨਣ ਅਤੇ ਦੇਸ਼ ਦੀ ਤਰੱਕੀ ਵਿੱਚ ਰਚਨਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।