ਡੀਸੀ ਨੇ ਗਾਂਧੀ ਵਨੀਤਾ ਆਸ਼ਰਮ ’ਚ ਕੁੜੀ ਦੀ ਮੌਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ
ਡੀਸੀ ਨੇ ਗਾਂਧੀ ਵਨੀਤਾ ਆਸ਼ਰਮ ’ਚ ਕੁੜੀ ਦੀ ਮੌਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ
Publish Date: Sat, 22 Nov 2025 09:27 PM (IST)
Updated Date: Sat, 22 Nov 2025 09:28 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ਨਿਚਰਵਾਰ ਨੂੰ ਗਾਂਧੀ ਵਨੀਤਾ ਆਸ਼ਰਮ ’ਚ ਰਹਿੰਦੀ ਇਕ ਕੁੜੀ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕੁੜੀ ਸ਼ੁੱਕਰਵਾਰ ਰਾਤ ਬਾਥਰੂਮ ’ਚ ਪਈ ਮਿਲੀ ਸੀ। ਅਧਿਕਾਰੀਆਂ ਨੇ ਉਸ ਨੂੰ ਤੁਰੰਤ ਨੇੜਲੇ ਨਰਸਿੰਗ ਹੋਮ ’ਚ ਪਹੁੰਚਾਇਆ, ਜਿਥੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਅਗਰਵਾਲ ਨੇ ਸਬੰਧਤ ਐੱਸਡੀਐੱਮ ਨੂੰ ਮਾਮਲੇ ਦੀ ਗੰਭੀਰ ਜਾਂਚ ਕਰਕੇ ਦੋ ਹਫ਼ਤਿਆਂ ’ਚ ਵਿਸ਼ੇਸ਼ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦਰਮਿਆਨ, ਅਧਿਕਾਰੀਆਂ ਨੇ ਕੁੜੀ ਦੇ ਮਾਪਿਆਂ ਨੂੰ ਅਗਲੀ ਕਾਰਵਾਈ ਸਬੰਧੀ ਸੂਚਿਤ ਕਰ ਦਿੱਤਾ ਹੈ। ਫੋਰੈਂਸਿਕ ਮਾਹਿਰ ਤੇ ਪੁਲਿਸ ਟੀਮਾਂ ਨੇ ਵੀ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਾਰਦਰਸ਼ੀ ਤੇ ਵਿਆਪਕ ਜਾਂਚ ਦਾ ਭਰੋਸਾ ਦਿਵਾਇਆ ਹੈ। --- ਗਾਂਧੀ ਵਨੀਤਾ ਆਸ਼ਰਮ ’ਚ ਨਾਬਾਲਗ ਕੁੜੀ ਦੀ ਮੌਤ, ਪੁਲਿਸ ਨੇ ਕਿਹਾ ਬਾਥਰੂਮ ’ਚ ਡਿੱਗੀ ਗਾਂਧੀ ਵਨੀਤਾ ਆਸ਼ਰਮ ’ਚ ਸ਼ੁੱਕਰਵਾਰ ਸ਼ਾਮ ਇਕ ਨਾਬਾਲਗ ਕੁੜੀ ਦੀ ਮੌਤ ਹੋ ਗਈ। ਥਾਣਾ ਡਿਵਿਜ਼ਨ ਨੰਬਰ 2 ਦੀ ਪੁਲਿਸ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ। ਜਾਂਚ ਵਿੱਚ ਸਾਹਮਣੇ ਆਇਆ ਕਿ 17 ਸਾਲਾ ਕੁੜੀ ਬਾਥਰੂਮ ਵਿੱਚ ਡਿੱਗ ਗਈ ਸੀ ਅਤੇ ਉਸਦੇ ਸਿਰ ’ਤੇ ਸੱਟਾਂ ਲੱਗੀਆਂ। ਹੋਰ ਕੁੜੀਆਂ ਨੂੰ ਪਤਾ ਲੱਗਣ ਤੇ ਉਨਾਂ ਨੇ ਪ੍ਰਬੰਧਕਾਂ ਨੂੰ ਦੱਸਿਆ। ਕੁੜੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਥਾਣਾ 2 ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਾਂਧੀ ਵਨੀਤਾ ਆਸ਼ਰਮ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। --- ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ, ਵਿਸਰਾ ਜਾਂਚ ਲਈ ਭੇਜਿਆ ਗਾਂਧੀ ਵਨੀਤਾ ਆਸ਼ਰਮ ’ਚ ਨਾਬਾਲਗ ਕੁੜੀ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜਿਆ ਗਿਆ ਸੀ। ਸ਼ਨਿਚਰਵਾਰ ਦੁਪਹਿਰ ਤਿੰਨ ਡਾਕਟਰਾਂ ਦੀ ਟੀਮ ਨੇ ਉਸਦਾ ਪੋਸਟਮਾਰਟਮ ਕੀਤਾ। ਕੁੜੀ ਦਾ ਵਿਸਰਾ ਜਾਂਚ ਲਈ ਭੇਜਿਆ ਗਿਆ ਹੈ। ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਸਹੀ ਕਾਰਨ ਪਤਾ ਲੱਗੇਗਾ। ਵਿਭਾਗ ਵੱਲੋਂ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ।