ਦਸੂਹਾ ਪੁਲਿਸ ਵੱਲੋਂ ਸਾਬਕਾ ਸਰਪੰਚ ਖ਼ਿਲਾਫ਼ ਕੇਸ ਦਰਜ, ਪੰਚਾਇਤੀ ਜ਼ਮੀਨ ’'ਤੇ ਗਲਤ ਤਰੀਕੇ ਨਾਲ ਪਲਾਟ ਕੱਟਣ ਦੇ ਦੋਸ਼
ਥਾਣਾ ਦਸੂਹਾ ਦੀ ਪੁਲਿਸ ਨੇ ਗ੍ਰਾਮ ਪੰਚਾਇਤ ਬਿੱਸੋ ਚੱਕ ਦੇ ਸਾਬਕਾ ਸਰਪੰਚ ਵਿਨੋਦ ਕੁਮਾਰ ਵਿਰੁੱਧ ਸਰਕਾਰੀ ਜ਼ਮੀਨ ਉੱਤੇ ਗਲਤ ਤਰੀਕੇ ਨਾਲ ਪਲਾਟ ਕੱਟਣ ਦੇ ਦੋਸ਼ ਹੇਠ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Wed, 06 May 2026 12:13 PM (IST)
Updated Date: Wed, 06 May 2026 12:15 PM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਪੰਚਾਇਤੀ ਜ਼ਮੀਨਾਂ ਵਿੱਚ ਹੋਣ ਵਾਲੀਆਂ ਬੇਨਿਯਮੀਆਂ ਵਿਰੁੱਧ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਥਾਣਾ ਦਸੂਹਾ ਦੀ ਪੁਲਿਸ ਨੇ ਗ੍ਰਾਮ ਪੰਚਾਇਤ ਬਿੱਸੋ ਚੱਕ ਦੇ ਸਾਬਕਾ ਸਰਪੰਚ ਵਿਨੋਦ ਕੁਮਾਰ ਵਿਰੁੱਧ ਸਰਕਾਰੀ ਜ਼ਮੀਨ ਉੱਤੇ ਗਲਤ ਤਰੀਕੇ ਨਾਲ ਪਲਾਟ ਕੱਟਣ ਦੇ ਦੋਸ਼ ਹੇਠ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਬੀ.ਡੀ.ਪੀ.ਓ. ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਸੂਹਾ ਵੱਲੋਂ ਭੇਜੇ ਗਏ ਇੱਕ ਅਧਿਕਾਰਤ ਪੱਤਰ ਦੇ ਆਧਾਰ 'ਤੇ ਕੀਤੀ ਗਈ ਹੈ। ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਗ੍ਰਾਮ ਪੰਚਾਇਤ ਬਿੱਸੋ ਚੱਕ ਦੀ ਪੰਚਾਇਤੀ ਜ਼ਮੀਨ ਉੱਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਲਾਟ ਕੱਟੇ ਗਏ ਹਨ। ਇਸ ਸਬੰਧੀ ਤਹਿਸੀਲਦਾਰ ਦਸੂਹਾ ਵੱਲੋਂ ਕੀਤੀ ਗਈ ਇੰਨਕੁਆਰੀ ਦੀ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ।
ਪਹਿਲਾਂ ਹੀ ਮਕਾਨ ਤੇ ਜ਼ਮੀਨ ਵਾਲਿਆਂ ਨੂੰ ਰਿਊੜੀਆਂ ਵਾਂਗ ਵੰਡੇ ਪਲਾਟ
ਜਾਂਚ ਰਿਪੋਰਟ ਦੇ ਹਵਾਲੇ ਨਾਲ ਪੁਲਿਸ ਨੇ ਦੋਸ਼ ਲਾਇਆ ਕਿ ਸਾਬਕਾ ਸਰਪੰਚ ਵਿਨੋਦ ਕੁਮਾਰ ਨੇ ਕਥਿਤ ਤੌਰ '’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ 5-5 ਮਰਲੇ ਦੇ ਪਲਾਟ ਉਨ੍ਹਾਂ ਲੋਕਾਂ ਨੂੰ ਅਲਾਟ ਕਰ ਦਿੱਤੇ, ਜੋ ਪਹਿਲਾਂ ਹੀ ਆਰਥਿਕ ਪੱਖੋਂ ਮਜ਼ਬੂਤ ਸਨ। ਜਾਂਚ ਵਿੱਚ ਪਾਇਆ ਗਿਆ ਕਿ ਪਲਾਟ ਲੈਣ ਵਾਲੇ ਕਈ ਵਿਅਕਤੀਆਂ ਕੋਲ ਪਹਿਲਾਂ ਹੀ ਪੱਕੇ ਮਕਾਨ ਅਤੇ ਆਪਣੀ ਨਿੱਜੀ ਜ਼ਮੀਨ ਮੌਜੂਦ ਹੈ। ਨਿਯਮਾਂ ਮੁਤਾਬਕ ਪੰਚਾਇਤੀ ਪਲਾਟ ਸਿਰਫ਼ ਬੇਘਰੇ ਅਤੇ ਲੋੜਵੰਦਾਂ ਲਈ ਹੁੰਦੇ ਹਨ, ਪਰ ਸਾਬਕਾ ਸਰਪੰਚ ਨੇ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਇਨ੍ਹਾਂ ਦੀ ਵੰਡ ਕੀਤੀ।
ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।