ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਧੁੰਦ ’ਚ ਵਧੀ ਪ੍ਰੇਸ਼ਾਨੀ

----ਸ਼ਹਿਰ ਦੀਆਂ ਲਗਪਗ 10 ਹਜ਼ਾਰ ਸਟਰੀਟ ਲਾਈਟਾਂ ਹਨ ਖ਼ਰਾਬ
---ਰਾਤ ਤੇ ਤੜਕੇ ਡਿਊਟੀ ’ਤੇ ਜਾਣ ਵਾਲਿਆਂ ਨੂੰ ਹੋ ਰਹੀ ਹੈ ਪਰੇਸ਼ਾਨੀ
---ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਦਾਅਵੇ ਹੋਏ ਖੋਖਲੇ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਜਿਥੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਸਨ ਹੁਣ ਦਸੰਬਰ ਮਹੀਨੇ ਦੀ ਧੁੰਦ ਨੇ ਉਨ੍ਹਾਂ ਦੀ ਪਰੇਸ਼ਾਨ ’ਚ ਹੋਰ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਆਉਂਦੇ ਜਾਂਦੇ ਸਮੇਂ ਲੋਕਾਂ ਨੂੰ ਰਸਤਾ ਦੇਖਣ ’ਚ ਮੁਸ਼਼ਕਲ ਪੇਸ਼ ਆ ਰਹੀ ਹੈ। ਨਗਰ ਨਿਗਮ ਦੇ ਰਿਕਾਰਡ ਅਨੁਸਾਰ ਸ਼ਹਿਰ ’ਚ 10 ਹਜ਼ਾਰ ਦੇ ਲਗਪਗ ਸਟਰੀਟ ਲਾਈਆਂ ਖਰਾਬ ਹਨ ਪਰ ਜਿਹੜੀਆਂ ਰਿਕਾਰਡ ’ਚ ਸ਼ਾਮਿਲ ਨਹੀ ਹਨ ਉਨ੍ਹਾਂ ਦੀ ਗਿਣਤੀ ਲਗਭਗ 13 ਹਜ਼ਾਰ ਦੱਸੀ ਜਾਂਦੀ ਹੈ। ਹਨੇਰੇ ’ਚ ਧੁੰਦ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਦੇਰ ਸ਼ਾਮ ਨੂੰ ਸਟਰੀਟ ਲਾਈਟ ਨਾ ਹੋਣ ਕਾਰਨ, ਰਾਤ ਤੇ ਸਵੇਰੇ ਕੰਮ 'ਤੇ ਜਾਣ ਵਾਲਿਆਂ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ। ਸ਼ਹਿਰ ਦੀਆਂ ਖਰਾਬ 10,000 ਲਾਈਟਾਂ ਜੋ ਇਕ ਸਾਲ ਤੋਂ ਵੱਧ ਸਮੇਂ ਤੋਂ ਖਰਾਬ ਹਨ, ਇਨ੍ਹਾਂ ਦੀ ਮੁਰੰਮਤ ਪਿਛਲੀ ਦੀਵਾਲੀ 'ਤੇ ਹੋਣੀ ਸੀ ਪਰ ਇਸ ਦੀਵਾਲੀ 'ਤੇ ਵੀ ਨਹੀਂ ਕੀਤੀ ਗਈ। ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਦੀ ਦੇਖਭਾਲ ਵੀ ਨਹੀਂ ਕੀਤੀ ਗਈ। ਪੁਰਾਣੀ ਐੱਲਈਡੀ ਸਟ੍ਰੀਟ ਲਾਈਟ ਕੰਪਨੀ, ਪੀਸੀਪੀ ਨੇ ਸ਼ਹਿਰ ’ਚ ਮੁੱਖ ਸੜਕਾਂ 'ਤੇ ਲਾਈਟਾਂ ਲਗਾਈਆਂ ਸਨ। ਇਸ ਕੰਪਨੀ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਗਿਆ ਸੀ ਤੇ ਇਨ੍ਹਾਂ 5,500 ਲਾਈਟਾਂ ਰੱਖ-ਰਖਾਅ ਰੱਦ ਕਰ ਦਿੱਤਾ ਗਿਆ। ਨਿਗਮ ਨੇ 6,000 ਨਵੀਆਂ ਲਾਈਟਾਂ ਖਰੀਦੀਆਂ ਹਨ ਤੇ ਇਨ੍ਹਾਂ ਖਰਾਬ ਲਾਈਟਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ ਪਰ ਫਿਰ ਵੀ ਵੱਡੀ ਗਿਣਤੀ ’ਚ ਲਾਈਟਾਂ ਖਰਾਬ ਹਨ। ਮੌਜੂਦਾ ਐੱਚਪੀਐੱਲ ਲਿਮਟਿਡ ਕੰਪਨੀ ਦਾ ਕੰਮ ਵੀ ਤਸੱਲੀਬਖ਼ਸ਼ ਨਹੀ ਹੈ ਜਿਸ ਕਾਰਨ ਕੰਪਨੀ ਦੇ ਭੁਗਤਾਨ ਨੂੰ ਲੈ ਕੇ ਕੰਪਨੀ ਤੇ ਨਿਗਮ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਲਾਈਟਾਂ ਦੇ ਰੱਖ-ਰਖਾਅ ਦਾ ਕੰਮ ਬੰਦ ਹੈ। ਜਦੋਂ ਕਿ ਕੰਪਨੀ ਇਸ ਸਮੇਂ ਆਪਣੀਆਂ ਲਾਈਟਾਂ ਦੀ ਮੁਰੰਮਤ ਕਰ ਰਹੀ ਹੈ, ਐੱਮਪੀ, ਮੰਤਰੀਆਂ, ਵਿਧਾਇਕਾਂ, ਪੁੱਡਾ ਤੇ ਹੋਰ ਸੰਗਠਨਾਂ ਤੋਂ ਗ੍ਰਾਂਟਾਂ ਰਾਹੀਂ ਲਗਾਈਆਂ ਗਈਆਂ ਲਾਈਟਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਲਾਈਟਾਂ ਦੀ ਗਿਣਤੀ ਲਗਭਗ 25,000 ਹੈ, ਜਿਨ੍ਹਾਂ ’ਚੋਂ 10,000 ਖਰਾਬ ਹਨ। ਇਹ ਲਾਈਟਾਂ ਵਧੇਰੇ ਤੌਰ ਤੇ ਸ਼ਹਿਰ ’ਚ ਨਵੀਆਂ ਵਿਕਸਤ ਕਾਲੋਨੀਆਂ ’ਚ ਲੱਗੀਆਂ ਹਨ। ਨਿਗਮ ਨੇ ਇਨ੍ਹਾਂ ਲਾਈਟਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਐੱਚਪੀਐੱਲ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਲਗਭਗ ਤਿੰਨ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਜਦੋਂ ਤੱਕ ਕੰਪਨੀ ਜ਼ਿੰਮੇਵਾਰੀ ਨਹੀਂ ਲੈਂਦੀ, ਤਦ ਤਕ ਸਟਰੀਟ ਲਾਈਟਾਂ ਠੀਕ ਨਹੀਂ ਹੋਣਗੀਆਂ।
-------------------
ਪ੍ਰਵਾਨਗੀ ਲਈ ਫਾਈਲ ਸਰਕਾਰ ਨੂੰ ਭੇਜੀ : ਮੇਅਰ
ਇਸ ਦੌਰਾਨਟ ਮੇਅਰ ਵਨੀਤ ਧੀਰ ਦਾ ਕਹਿਣਾ ਹੈ ਕਿ ਕੰਪਨੀ ਨਾਲ ਗੱਲਬਾਤ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ ਫਾਈਲ ਨੂੰ ਪ੍ਰਵਾਨਗੀ ਲਈ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਪ੍ਰਵਾਨਗੀ ਮਿਲਦੇ ਹੀ ਕੰਪਨੀ ਰੱਖ-ਰਖਾਅ ਦਾ ਕੰਮ ਸ਼ੁਰੂ ਹੋ ਜਾਵੇਗਾ।
------------------
ਹਜ਼ਾਰਾਂ ਘਟੀਆ ਮਿਆਰ ਦੀਆਂ ਲਾਈਟਾਂ ਲਾਈਆਂ
ਪਿਛਲੇ ਕੁਝ ਸਾਲਾਂ ’ਚ ਸ਼ਹਿਰ ’ਚ ਬਹੁਤ ਹੀ ਘਟੀਆ ਕੁਆਲਿਟੀ ਦੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਹੋਣ ਦਾ ਅਨੁਮਾਨ ਹੈ। ਨਿਗਮ ਵੱਲੋਂ ਲਗਾਈਆਂ ਗਈਆਂ ਲਗਭਗ 25,000 ਲਾਈਟਾਂ ਦੀ ਦੇਖਭਾਲ ਸੰਭਾਲਣ ਤੋਂ ਪਹਿਲਾਂ, ਐੱਚਪੀਐੱਲ ਨੇ ਇਕ ਸਰਵੇਖਣ ਕੀਤਾ, ਜਿਸ ’ਚ ਘਟੀਆ ਕੁਆਲਿਟੀ ਦੀਆਂ ਲਾਈਟਾਂ ਲੱਗਣ ਦਾ ਖੁਲਾਸਾ ਹੋਇਆ। ਕੰਪਨੀ ਨੇ ਇਨ੍ਹਾਂ 25,000 ਲਾਈਟਾਂ ਦੀ ਦੇਖਭਾਲ ਸੰਭਾਲਣ ਤੋਂ ਪਹਿਲਾਂ ਖਰਾਬ ਲਾਈਟਾਂ ਦੀ ਮੁਰੰਮਤ ਜਾਂ ਬਦਲਣ ਲਈ 25 ਲੱਖ ਰੁਪਏ ਦੀ ਮੰਗ ਕੀਤੀ ਹੈ। ਨਿਗਮ 10 ਲੱਖ ਰੁਪਏ ਦੇਣ ਲਈ ਤਿਆਰ ਹੈ। ਇਸ ਲਈ, ਉਮੀਦ ਹੈ ਕਿ ਨਿਗਮ ਤੇ ਕੰਪਨੀ ਇਕ ਤੈਅ ਰਕਮ 'ਤੇ ਸਮਝੌਤਾ ਕਰ ਸਕਦੇ ਹਨ।
---
ਹਾਈਵੇ ਤੋਂ ਲੈ ਕੇ ਸਰਵਿਸ ਲੇਨ ਤੱਕ ਸਟ੍ਰੀਟ ਲਾਈਟਾਂ ਬੰਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਦੇ ਮੇਨ ਰੋਡ ਤੋਂ ਲੈ ਕੇ ਸਰਵਿਸ ਲੇਨ ’ਤੇ ਲੱਗੀਆਂ ਕਈ ਸਟ੍ਰੀਟ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਇੱਥੋਂ ਤੱਕ ਕਿ ਚੁਗਿੱਟੀ ਫਲਾਈਓਵਰ ਤੋਂ ਲੈ ਕੇ ਲੰਮਾ ਪਿੰਡ ਚੌਕ ’ਤੇ ਬਣੇ ਫਲਾਈਓਵਰ ਤੱਕ ਵੀ ਕਈ ਲਾਈਟਾਂ ਬੰਦ ਹਨ। ਸਿਰਫ਼ ਇੰਨਾ ਹੀ ਨਹੀਂ ਸਰਵਿਸ ਲੇਨ ’ਤੇ ਲੰਮਾ ਪਿੰਡ ਚੌਕ, ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਦੇ ਆਲੇ-ਦੁਆਲੇ ਦੀਆਂ ਸਟ੍ਰੀਟ ਲਾਈਟਾਂ ਵੀ ਬੰਦ ਪਈਆਂ ਹਨ। ਖ਼ਾਸਕਰ ਧੁੰਦ ਦੇ ਮੌਸਮ ’ਚ ਬੰਦ ਸਟ੍ਰੀਟ ਲਾਈਟਾਂ ਕਾਰਨ ਅਕਸਰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਜਦਕਿ ਸਰਵਿਸ ਲੇਨ ਦਾ ਵੱਡਾ ਹਿੱਸਾ ਪਹਿਲਾਂ ਹੀ ਖ਼ਸਤਾ ਹਾਲ ਹੈ। ਪਿਛਲੇ ਇਕ ਪੰਦਰਵਾੜੇ ਦੌਰਾਨ ਹਾਈਵੇ ’ਤੇ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਾਲ ਹੀ ’ਚ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਹੋਈ ਰੀਵਿਊ ਮੀਟਿੰਗ ’ਚ ਧੁੰਦ ਤੋਂ ਪਹਿਲਾਂ ਹਾਈਵੇ ਨੂੰ ਸੁਰੱਖਿਅਤ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਉਸ ਵੇਲੇ ਅਥਾਰਟੀ ਵੱਲੋਂ ਬੰਦ ਤੇ ਖ਼ਰਾਬ ਸਟ੍ਰੀਟ ਲਾਈਟਾਂ ਨੂੰ ਠੀਕ ਕਰਵਾਉਣ ਦੀ ਗੱਲ ਕਹੀ ਗਈ ਸੀ। ਇਸ ਦੌਰਾਨ ਹਾਈਵੇ ਅਥਾਰਟੀ ਵੱਲੋਂ ਅਜਿਹੀਆਂ ਲਾਈਟਾਂ ਦਾ ਸਰਵੇ ਵੀ ਕਰਵਾਇਆ ਗਿਆ ਪਰ ਅਜੇ ਤੱਕ ਸੁਧਾਰ ਦਾ ਕੋਈ ਕੰਮ ਨਹੀਂ ਹੋਇਆ। ਜਦਕਿ ਖਸਤਾ ਹਾਲ ਤੇ ਟੋਇਆਂ ਨਾਲ ਭਰੀ ਸਰਵਿਸ ਲੇਨ ’ਤੇ ਧੁੰਦ ਦੇ ਸਮੇਂ ਸਟ੍ਰੀਟ ਲਾਈਟਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
------------------------
ਬੰਦ ਸਟਰੀਟ ਲਾਈਟਾਂ
-ਡੀਸੀ ਦਫ਼ਤਰ ਤੋਂ ਬੀਐੱਮਸੀ-ਸੰਵਿਧਾਨ ਚੌਕ ਤੱਕ
-120 ਫੁੱਟ ਸੜਕ
-ਪੀਪੀਆਰ ਮਾਰਕੀਟ ਤੋਂ ਗੁਰੂ ਰਵਿਦਾਸ ਚੌਕ ਤੱਕ
-ਮਾਸਟਰ ਗੁਰਬੰਤਾ ਸਿੰਘ ਮਾਰਗ
-ਕੂਪਰਥਲਾ ਰੋਡ 'ਤੇ ਸ਼ਹਿਰ ਦੀ ਮੁੱਖ ਐਂਟਰੀ ਤੱਕ
-ਮਹਾਵੀਰ ਮਾਰਗ 'ਤੇ ਕਈ ਥਾਵਾਂ
- ਮਾਡਲ ਟਾਊਨ ਰੋਡ
- ਡੌਲਫਿਨ ਹੋਟਲ ਚੌਕ ਤੋਂ ਕੂਪਰਥਲਾ ਚੌਕ ਤੱਕ।