ਕ੍ਰੈਡਿਟ ਕਾਰਡ ਦੇ ਨਾਂ ’ਤੇ ਸੇਵਾਮੁਕਤ ਬੈਂਕ ਮੈਨੇਜਰ ਦੇ ਖਾਤੇ ’ਚੋਂ ਉੱਡੇ 11 ਲੱਖ
ਜਾਸ, ਜਲੰਧਰ : ਜਲੰਧਰ
Publish Date: Thu, 15 Jan 2026 10:49 PM (IST)
Updated Date: Thu, 15 Jan 2026 10:51 PM (IST)

ਜਾਸ, ਜਲੰਧਰ : ਜਲੰਧਰ ’ਚ ਸਾਈਬਰ ਠੱਗਾਂ ਨੇ ਇਕ ਸੇਵਾਮੁਕਤ ਬੈਂਕ ਮੈਨੇਜਰ ਨੂੰ ਸ਼ਿਕਾਰ ਬਣਾ ਕੇ 11 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ। ਠੱਗਾਂ ਨੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਨਾਂ ’ਤੇ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਦਾ ਝਾਂਸਾ ਦੇ ਕੇ ਨਾ ਸਿਰਫ਼ ਬੈਂਕ ਖਾਤੇ ’ਚੋਂ ਰਕਮ ਕਢਵਾ ਲਈ, ਸਗੋਂ ਉਨ੍ਹਾਂ ਦੇ ਨਾਂ ’ਤੇ ਲਗਪਗ 6 ਲੱਖ ਰੁਪਏ ਦਾ ਕਰਜ਼ਾ ਵੀ ਲੈ ਲਿਆ। ਇਸ ਮਾਮਲੇ ’ਚ ਸਾਈਬਰ ਸੈੱਲ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰੀਦਾਬਾਦ ਦੇ ਰਹਿਣ ਵਾਲੇ ਸੇਵਾਮੁਕਤ ਬੈਂਕ ਮੈਨੇਜਰ ਰਵਿੰਦਰ ਕੁਮਾਰ ਜੈਨ ਹਾਲ ਹੀ ਵਿਚ 16 ਸਤੰਬਰ 2025 ਨੂੰ ਜਲੰਧਰ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਦੇ ਦੋਹਤੇ, ਜੈਨ ਕਾਲੋਨੀ ਦੇ ਨਿਵਾਸੀ ਸੰਯਮ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਨੇ ਇੰਟਰਨੈੱਟ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਵੈੱਬਸਾਈਟ ਖੋਲ੍ਹ ਕੇ ਕ੍ਰੈਡਿਟ ਕਾਰਡ ਲਈ ਅਰਜ਼ੀ ਦਿੱਤੀ ਸੀ। ਅਰਜ਼ੀ ਦੇਣ ਦੇ ਕੁਝ ਸਮੇਂ ਬਾਅਦ ਇਕ ਫੋਨ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ-ਆਪ ਨੂੰ ਬੈਂਕ ਨਾਲ ਜੁੜੇ ਮੁਲਾਜ਼ਮ ਦੱਸਦਿਆਂ ਲਗਪਗ 50 ਮਿੰਟ ਤੱਕ ਗੱਲਬਾਤ ਕੀਤੀ। ਇਸ ਦੌਰਾਨ ਉਸਨੇ ਕ੍ਰੈਡਿਟ ਕਾਰਡ ਪ੍ਰਕਿਰਿਆ ਪੂਰੀ ਦੇ ਨਾਂ ਤੇ ਕੁਝ ਲਿੰਕ ਭੇਜੇ ਤੇ ਉਨ੍ਹਾਂ ’ਤੇ ਕਲਿੱਕ ਕਰਨ ਲਈ ਕਿਹਾ। ਭਰੋਸੇ ’ਚ ਆ ਕੇ ਜਦੋਂ ਲਿੰਕ ’ਤੇ ਕਲਿੱਕ ਕੀਤਾ ਗਿਆ, ਉਸੇ ਸਮੇਂ ਸਾਈਬਰ ਠੱਗਾਂ ਨੇ ਉਨ੍ਹਾਂ ਦਾ ਬੈਂਕ ਖਾਤਾ ਹੈਕ ਕਰ ਲਿਆ।