ਹੜ੍ਹ ਪੀੜਤਾਂ ਦੇ ਮਕਾਨ ਡਿਜ਼ਾਈਨ ਕਰਨਗੇ ਸੀ ਟੀ ਦੇ ਵਿਦਿਆਰਥੀ
ਪੰਜਾਬ ’ਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਸੀਟੀ ਗਰੁੱਪ ਦਾ ਗਲੋਬਲ ਸਿੱਖਸ ਤੇ ਸੀਆਰਸੀਆਈ ਇੰਡੀਆ ਨਾਲ ਸਾਂਝਾ ਉਪਰਾਲਾ
Publish Date: Wed, 03 Dec 2025 06:58 PM (IST)
Updated Date: Wed, 03 Dec 2025 06:59 PM (IST)

--ਗਲੋਬਲ ਸਿੱਖਸ ਤੇ ਸੀਆਰਸੀਆਈ ਇੰਡੀਆ ਦਾ ਸਾਂਝਾ ਉਪਰਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਹੜ੍ਹਾਂ ਦੌਰਾਨ ਢਹਿ-ਢੇਰੀ ਹੋਏ ਘਰਾਂ ਦੀ ਮੁੜ ਉਸਾਰੀ ’ਚ ਸੁਰੱਖਿਅਤ, ਟਿਕਾਊ ਤੇ ਘੱਟ ਲਾਗਤ ਵਾਲੇ ਮਕਾਨਾਂ ਦਾ ਡਿਜ਼ਾਈਨ ਤਿਆਰ ਕਰਨ ਸੀ ਟੀ ਇੰਸਟੀਚਿਊਟ ਆਫ ਆਰਕੀਟੈਕਚਰ ਐਂਡ ਪਲੈਨਿੰਗ ਦੇ ਵਿਦਿਆਰਥੀ ਯੋਗਦਾਨ ਪਾਉਣਗੇ। ਸੀ ਟੀ ਗਰੁੱਪ ਨੇ ਇਸ ਕੰਮ ਲਈ ਗਲੋਬਲ ਸਿੱਖਸ, ਪਟਿਆਲਾ ਤੇ ਸੀਆਰਸੀਆਈ ਇੰਡੀਆ ਨਵੀਂ ਦਿੱਲੀ ਨਾਲ ਮਹੱਤਵਪੂਰਨ ਸਾਂਝਾ ਉਪਰਾਲਾ ਕੀਤਾ ਹੈ। ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਨੂੰ ਮੈਦਾਨੀ ਹਾਲਾਤਾਂ ’ਚ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਤੇ ਪ੍ਰਭਾਵਿਤ ਪਰਿਵਾਰਾਂ ਦੇ ਜੀਵਨ ਨੂੰ ਮੁੜ ਵਸਾਉਣ ’ਚ ਉਨ੍ਹਾਂ ਦਾ ਜ਼ਰੂਰੀ ਯੋਗਦਾਨ ਯਕੀਨੀ ਬਣਾਉਣਾ ਹੈ। ਇਸ ਸਹਿਯੋਗ ਤਹਿਤ ਵਿਦਿਆਰਥੀ ਫ਼ਾਜ਼ਿਲਕਾ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸੁਰੱਖਿਅਤ, ਟਿਕਾਊ ਤੇ ਲਾਗਤ-ਪ੍ਰਭਾਵੀ ਰਿਹਾਇਸ਼ੀ ਡਿਜ਼ਾਈਨ ਤਿਆਰ ਕਰਨਗੇ। ਮਾਹਰਾਂ ਦੀ ਮਦਦ ਨਾਲ ਵਿਦਿਆਰਥੀ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ, ਸਮੱਗਰੀਆਂ ਤੇ ਨਿਰਮਾਣ ਤਰੀਕਿਆਂ ਦੀ ਸਮਝ, ਸਮੁਦਾਇ ਲੋੜਾਂ ਅਨੁਸਾਰ ਬੇਹਤਰ ਤੇ ਟਿਕਾਊ ਰਿਹਾਇਸ਼ੀ ਡਿਜ਼ਾਇਨ ਤਿਆਰ ਕਰਨਾ, ਘਰ-ਘਰ ਜਾ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਦਾ ਮੁਲਾਂਕਣ, ਪੂਰੇ ਕੰਮ ਦੀਆ ਦਸਤਾਵੇਜ਼ੀ ਰਿਪੋਰਟਾਂ, ਤਸਵੀਰਾਂ ਅਤੇ ਮੈਦਾਨੀ ਨੋਟਾਂ ਸਮੇਤ ਤਿਆਰ ਕਰਨਾ ਸ਼ਾਮਲ ਹਨ।