ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਦਤਰ, ਸੰਗਤ ਪਰੇਸ਼ਾਨ
ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੜਕ ’ਤੇ ਗੰਦੇ ਪਾਣੀ ਦੀ ਭਰਮਾਰ, ਸੰਗਤਾਂ ਪਰੇਸ਼ਾਨ
Publish Date: Thu, 29 Jan 2026 09:15 PM (IST)
Updated Date: Thu, 29 Jan 2026 09:16 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਲਿੰਕ ਸੜਕਾਂ ਦੇ ਨਿਰਮਾਣ ਸਬੰਧੀ ਕੀਤੇ ਜਾ ਰਹੇ ਦਾਅਵੇ ਨੰਗਲ ਤੋਂ ਪਿੰਡ ਆਲੋਵਾਲ ਨੂੰ ਜਾਣ ਵਾਲੀ ਸੜਕ ’ਤੇ ਉਸ ਵੇਲੇ ਖੋਖਲੇ ਸਾਬਤ ਹੋ ਰਹੇ ਹਨ, ਜਦੋਂ ਇੱਥੇ ਸਥਿਤ ਦੋ ਇਤਿਹਾਸਕ ਧਾਰਮਿਕ ਅਸਥਾਨਾਂ ਧੰਨ-ਧੰਨ ਬਾਬਾ ਇੱਛਾਧਾਰੀ ਜੀ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ’ਚ ਨਤਮਸਤਕ ਹੋਣ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਇੱਛਾਧਾਰੀ ਦਰਬਾਰ ਦੇ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਸਮੇਂ ਸੜਕ ’ਤੇ ਟੋਏ ਭਰ ਜਾਣ ਕਾਰ ਸੰਗਤਾਂ ਡਿੱਗ ਕੇ ਸੱਟਾਂ ਵੀ ਲਗਵਾ ਚੁੱਕੀਆਂ ਹਨ। ਇੱਛਾਧਾਰੀ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਲੱਗਿਆ ਟ੍ਰੀਟਮੈਂਟ ਪਲਾਂਟ ਲੀਕ ਹੋਣ ਕਾਰਨ ਗੰਦਾ ਪਾਣੀ ਸਿੱਧਾ ਸੜਕ ’ਤੇ ਆ ਜਾਂਦਾ ਹੈ। ਇਸ ਸਬੰਧੀ ਸਬੰਧਤ ਵਿਭਾਗ ਤੇ ਪੰਚਾਇਤ ਨੂੰ ਅਗਾਹ ਕੀਤਾ ਗਿਆ ਪਰ “ਸਿਰ ਮੱਥੇ ਪਰਨਾਲਾ ਉੱਥੇ ਹੀ” ਵਾਲੀ ਸਥਿਤੀ ਬਣੀ ਹੋਈ ਹੈ। ਡਾ. ਗੁਰਮੀਤ ਸਿੰਘ ਨੰਬਰਦਾਰ ਆਲੋਵਾਲ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਕਿਉਂਕਿ ਇਸ ਹਾਲਤ ਕਾਰਨ ਪਿੰਡ ਵਾਸੀਆਂ ਦੇ ਰਿਸ਼ਤੇਦਾਰ ਵੀ ਪਿੰਡ ਆਉਣ ਤੋਂ ਟਾਲ਼ਾ ਵਟਦੇ ਹਨ। ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਨੰਗਲ ਤੋਂ ਆਲੋਵਾਲ ਆਉਣ-ਜਾਣ ਲਈ ਲੋਕਾਂ ਨੂੰ ਮਜਬੂਰੀ ਵਸ਼ ਤਕਰੀਬਨ 3 ਕਿੱਲੋਮੀਟਰ ਵੱਧ ਘੁੰਮ ਕੇ ਜਾਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਧੰਨ ਧੰਨ ਬਾਬਾ ਇੱਛਾਧਾਰੀ ਜੀ ਦੇ ਅਸਥਾਨ ’ਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਗਤਾਂ ਦੀ ਆਵਾਜਾਈ ਹੋਰ ਵੱਧਣ ਦੀ ਸੰਭਾਵਨਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਗੰਦੇ ਪਾਣੀ ਦੀ ਨਿਕਾਸੀ ਤੇ ਸੜਕ ਦੀ ਮੁਰੰਮਤ ਦੀ ਮੰਗ ਕੀਤੀ ਹੈ।