ਫਰਜ਼ੀ ਈ-ਚਲਾਨ ਮੈਸੇਜ ਰਾਹੀਂ ਸਾਇਬਰ ਠੱਗੀ, ਏਐੱਸਆਈ ਦੇ ਖਾਤੇ ’ਚੋਂ ਲੱਖਾਂ ਉਡਾਏ
ਫਰਜ਼ੀ ਈ-ਚਲਾਨ ਮੈਸੇਜ ਰਾਹੀਂ ਸਾਇਬਰ ਠੱਗੀ, ਏਐੱਸਆਈ ਦੇ ਖਾਤੇ ਤੋਂ ਲਗਭਗ 10 ਲੱਖ ਰੁਪਏ ਉਡਾਏ
Publish Date: Sat, 24 Jan 2026 09:39 PM (IST)
Updated Date: Sun, 25 Jan 2026 04:22 AM (IST)

--ਵਟਸਐਪ ’ਤੇ ਏਪੀਕੇ ਫਾਇਲ ਖੋਲ੍ਹਦੇ ਹੀ ਮੋਬਾਇਲ ਤੇ ਬੈਂਕਿੰਗ ਆਈਡੀ ਹੋਈ ਹੈਕ, ਸਾਇਬਰ ਪੁਲਿਸ ਨੇ ਕੇਸ ਕੀਤਾ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਾਇਬਰ ਠੱਗਾਂ ਨੇ ਇਕ ਪੁਲਿਸ ਅਧਿਕਾਰੀ ਨੂੰ ਹੀ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਟਸਐਪ ’ਤੇ ਭੇਜੇ ਗਏ ਫਰਜ਼ੀ ਈ-ਚਲਾਨ ਨਾਲ ਸਬੰਧਤ ਮੈਸੇਜ ਰਾਹੀਂ ਠੱਗਾਂ ਨੇ ਇਕ ਏਐੱਸਆਈ ਦਾ ਮੋਬਾਈਲ ਫ਼ੋਨ ਹੈਕ ਕਰ ਲਿਆ ਤੇ ਉਸਦੇ ਬੈਂਕ ਖਾਤੇ ’ਚੋਂ ਲਗਭਗ 9 ਲੱਖ 96 ਹਜ਼ਾਰ ਰੁਪਏ ਕਢਵਾ ਲਏ। ਇਸ ਮਾਮਲੇ ’ਚ ਸਾਈਬਰ ਪੁਲਿਸ ਸਟੇਸ਼ਨ ਜਲੰਧਰ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਪਿੰਡ ਜੌਹਲ, ਗੁੱਡੀਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਏਐੱਸਆਈ ਹਰੀਸ਼ ਚੰਦਰ ਨੇ ਦੱਸਿਆ ਕਿ 30 ਨਵੰਬਰ 2025 ਨੂੰ ਉਸਦੇ ਵਟਸਐਪ ਨੰਬਰ ’ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਆਰਟੀਯੂ ਚਲਾਨ ਨਾਲ ਸਬੰਧਤ ਇਕ ਮੈਸੇਜ ਭੇਜਿਆ ਗਿਆ ਸੀ। ਇਸ ਮੈਸੇਜ ਨਾਲ ਇਕ ਏਪੀਕੇ ਫਾਈਲ ਵੀ ਅਟੈਚ ਸੀ, ਜਿਸ ਨੂੰ ਚਲਾਨ ਦੀ ਜਾਣਕਾਰੀ ਸਮਝ ਕੇ ਉਸਨੇ ਖੋਲ੍ਹ ਲਿਆ। ਏਪੀਕੇ ਫਾਈਲ ਖੋਲ੍ਹਦੇ ਹੀ ਕੁਝ ਸਮੇਂ ’ਚ ਹੀ ਉਸਦਾ ਮੋਬਾਈਲ ਪੂਰੀ ਤਰ੍ਹਾਂ ਹੈਕ ਹੋ ਗਿਆ ਤੇ ਨਾਲ ਹੀ ਉਸਦੀ ਬੈਂਕਿੰਗ ਆਈਡੀ ਸਮੇਤ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਵੀ ਸਾਇਬਰ ਮੁਲਜ਼ਮਾਂ ਦੇ ਕਬਜ਼ੇ ’ਚ ਚਲੀ ਗਈਆਂ। ਇਸ ਤੋਂ ਬਾਅਦ ਠੱਗਾਂ ਨੇ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ ਉਸਦੇ ਬੈਂਕ ਖਾਤੇ ’ਚੋਂ ਕੁੱਲ 9 ਲੱਖ 96 ਹਜ਼ਾਰ ਰੁਪਏ ਕੱਢ ਲਏ। ਜਦੋਂ ਏਐੱਸਆਈ ਹਰੀਸ਼ ਚੰਦਰ ਨੂੰ ਬੈਂਕ ਵੱਲੋਂ ਟ੍ਰਾਂਜ਼ੈਕਸ਼ਨਾਂ ਨਾਲ ਸਬੰਧਤ ਮੈਸੇਜ ਮਿਲੇ, ਤਦੋਂ ਉਸਨੂੰ ਠੱਗੀ ਦਾ ਅਹਿਸਾਸ ਹੋਇਆ। ਉਸਨੇ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰ ਕੇ ਖਾਤਾ ਫ੍ਰੀਜ਼ ਕਰਵਾਇਆ ਤੇ ਬਾਅਦ ’ਚ ਸਾਈਬਰ ਪੁਲਿਸ ਸਟੇਸ਼ਨ ਜਲੰਧਰ ’ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣਾ ਨਾਂ ਮਹੇਸ਼ਵਰ ਚੰਦ ਦੱਸਿਆ ਹੈ, ਜੋ ਕ੍ਰਿਸ਼ਨਾਪੁਰੀ ਰੋਡ ਨੰਬਰ-1, ਰਾਂਚੀ, ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਰਵਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਤੇ ਡਿਜੀਟਲ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।