ਕਿਰਤੀਆਂ ਵਿਰੋਧੀ ਕੋਡ ਲਾਗੂ ਨਹੀਂ ਹੋਣ ਦਿੱਤੇ ਜਾਣਗੇ : ਬਾਸੀ
ਸਰਮਾਏਦਾਰਾ ਪੱਖੀ ਤੇ ਕਿਰਤੀਆਂ ਵਿਰੋਧੀ ਚਾਰ ਕੋਡਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
Publish Date: Wed, 26 Nov 2025 07:02 PM (IST)
Updated Date: Wed, 26 Nov 2025 07:05 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤੀਆਂ ਵਿਰੋਧੀ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਦੇ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈੱਡਰੇਸ਼ਨਾਂ ਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਪੰਜਾਬ ਅੰਦਰ ਵਿਰੋਧ ਦਿਵਸ ਮਨਾਇਆ ਗਿਆ। ਇਸ ਵਿਰੋਧ ਦਿਵਸ ਦਾ ਪੂਰਾ-ਪੂਰਾ ਸਮਰਥਨ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਵਿਰੋਧ ਦਿਵਸ ਮਨਾਇਆ ਗਿਆ।
ਇਸ ਸਮੇਂ ਸੰਬੋਧਨ ਕਰਦੇ ਹੋਏ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ 26 ਨਵੰਬਰ ਨੂੰ ਜਿੱਥੇ ਸਮੁੱਚੇ ਦੇਸ਼ ’ਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤੀਆਂ ਪੱਖੀ 44 ਕਿਰਤ ਕਨੂੰਨਾਂ ਨੂੰ ਰੱਦ ਕਰਦੇ ਹੋਏ ਚਾਰ ਕਿਰਤ ਕੋਡਾਂ ’ਚ ਬਦਲ ਕੇ ਸਮੂਹ ਕਿਰਤੀਆਂ ਤੇ ਲਾਗੂ ਕਰਕੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਵੱਲ ਵਧਿਆ ਜਾ ਰਿਹਾ ਹੈ। ਇਨ੍ਹਾਂ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਦਾ ਮਤਲਬ ਸਿਰਫ਼ ’ਤੇ ਸਿਰਫ਼ ਆਪਣੇ ਕਾਰਪੋਰੇਟ ਘਰਾਣਿਆਂ ਦੇ ਮਿੱਤਰਾਂ ਅਸਿੱਧੇ ਜਾਂ ਸਿੱਧੇ ਢੰਗ ਨਾਲ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੀ ਹੈ ਤੇ ਕਿਰਤੀਆਂ ਦੀ 1886 ਤੋਂ ਪਹਿਲਾਂ ਵਾਲੀ ਲੁੱਟ ਨੂੰ ਫਿਰ ਤੋਂ ਸਥਾਪਿਤ ਕਰਨਾ ਹੈ।
ਸਾਥੀ ਬਾਸੀ ਨੇ ਕਿਹਾ ਕਿ ਇਨ੍ਹਾਂ ਚਾਰ ਕਿਰਤ ਹੋਠਾਂ ਨੂੰ ਰੱਦ ਕਰਵਾ ਕੇ ਕਿਰਤੀਆਂ ਪੱਖੀ 44 ਕਿਰਤ ਕਾਨੂੰਨਾਂ ਨੂੰ ਫਿਰ ਤੋਂ ਬਹਾਲ ਕਰਵਾਉਣ ਲਈ ਕੇਂਦਰੀ ਟ੍ਰੇਡ ਯੂਨੀਅਨਾਂ, ਮੁਲਾਜ਼ਮ ਫੈੱਡਰੇਸ਼ਨਾਂ ਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਵਿਰੋਧ ਦਿਵਸ ਮਨਾਉਣ ਦੇ ਦਿੱਤੇ ਸੱਦੇ ਦਾ ਪੂਰਾ ਪੂਰਾ ਸਮਰਥਨ ਕਰਦੇ ਹੋਏ ਵਿਰੋਧ ਦਿਵਸ ਮਨਾਇਆ ਗਿਆ ਹੈ। ਭਵਿੱਖ ’ਚ ਹੋਣ ਵਾਲੇ ਸੰਘਰਸਾਂ ’ਚ ਵੀ ਸ਼ਮੂਲੀਅਤ ਕੀਤੀ ਜਾਂਦੀ ਰਹੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਓਮ ਪ੍ਰਕਾਸ਼, ਹਰੀ ਰਾਮ, ਤਾਰਾ ਸਿੰਘ ਬੀਕਾ, ਸੁਖਵਿੰਦਰ ਰਾਮ, ਬਲਜੀਤ ਕੁਮਾਰ, ਰਤਨ ਸਿੰਘ, ਸ਼ਿਵ ਦਾਸ, ਸੂਰਜ ਕੁਮਾਰ, ਅਬਦੁਲ ਰਹਿਮਾਨ, ਮਰਗੇਸਨ, ਕੁਲਵਿੰਦਰ ਕੌਰ, ਪੈਨਸ਼ਨਰ ਆਗੂ ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਤੇ ਹੋਰ ਆਗੂ ਵੀ ਹਾਜ਼ਰ ਸਨ।