ਲੋਕ ਤਾਕਤ ਹੀ ਫਿਰਕੂ ਤੱਤਾਂ ਨੂੰ ਠੱਲ੍ਹ ਪਾ ਸਕਦੀ ਹੈ : ਡਾ. ਸਵਰਾਜਬੀਰ
ਬਾਬਾ ਬੁੱਲ੍ਹੇ ਸ਼ਾਹ ਦੀ ਸੋਚ 'ਤੇ ਹੱਲੇ ਖ਼ਿਲਾਫ਼ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਨਵੈਨਸ਼ਨ
Publish Date: Fri, 30 Jan 2026 09:07 PM (IST)
Updated Date: Fri, 30 Jan 2026 09:10 PM (IST)

-ਬਾਬਾ ਬੁੱਲ੍ਹੇ ਸ਼ਾਹ ਦੀ ਸੋਚ ਤੇ ਹੱਲੇ ਖ਼ਿਲਾਫ਼ ਕਨਵੈਨਸ਼ਨ -ਕਮੇਟੀ ਨੇ ਜਨਤਕ ਆਵਾਜ਼ ਬੁਲੰਦ ਕਰਨ ਦਾ ਦਿੱਤਾ ਸੱਦਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਦੇ ਵਿਦਵਾਨ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਮਸੂਰੀ (ਉਤਰਾਖੰਡ) ਬਣੀ ਮਜ਼ਾਰ ਫ਼ਿਰਕੂ ਤੱਤਾਂ ਵੱਲੋਂ ਤੋੜੇ ਜਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ਤੇ ਹਾਲ ਵਿਖੇ ਤੁਰੰਤ ਪੈਰ ਪ੍ਰਤੀਕਿਰਿਆ ਵਜੋਂ ਕਨਵੈਨਸ਼ਨ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਅਜਮੇਰ ਸਿੰਘ ਅਤੇ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਚ ਹੋਈ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੇ ਹੋਏ ਹਮਲੇ ਪਿੱਛੇ ਛੁਪੇ ਮੰਤਵਾਂ ਨੂੰ ਸਮਝਦੀ ਹੈ। ਇਸ ਕਰਕੇ ਹੀ ਤੁਰੰਤ ਪੈਰ ਇਹ ਕਨਵੈਨਸ਼ਨ ਕੀਤੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਡਾ. ਸਵਰਾਜਬੀਰ ਨੂੰ ਬਾਬਾ ਬੁੱਲ੍ਹੇ ਸ਼ਾਹ ਦੀ ਤਸਵੀਰ ਲੱਗਾ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਡਾ. ਸਵਰਾਜਬੀਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ ਅਸਲ ਚ ਧਰਮ ਨਿਰਪੱਖਤਾ, ਮਾਨਵਤਾਵਾਦੀ, ਸਹਿਣਸ਼ੀਲਤਾ ਭਰੀ ਸੋਚ ਉਪਰ ਹੱਲਾ ਹੈ। ਉਨ੍ਹਾਂ ਕਿਹਾ ਕਿ ਉਸਨੇ ਹਰ ਧਰਮ ਦੇ ਫ਼ਿਰਕੂ ਧਾਰਮਿਕ ਕੱਟੜਪੰਥੀ ਤੱਤਾਂ ਉਪਰ ਚੋਟ ਕੀਤੀ ਹੈ। ਅੱਜ ਜਿਹੜੀਆਂ ਤਾਕਤਾਂ ਸਮਾਜ ਅੰਦਰ ਫੁੱਟ, ਵੰਡੀਆਂ ਪਾਉਣ, ਨਫ਼ਰਤ ਦੇ ਬੀਜਾਂ ਦਾ ਛੱਟਾ ਦੇ ਕੇ ਆਪਣੇ ਫ਼ਿਰਕੂ ਏਜੰਡੇ ਨੂੰ ਲਾਗੂ ਕਰਕੇ ਆਪਣੇ ਸੌੜੇ ਰਾਜਨੀਤਕ ਮੰਤਵਾਂ ਦੀ ਪੂਰਤੀ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਚੰਦਰੇ ਮਨਸੂਬੇ ਚਕਨਾਚੂਰ ਕਰਨ ਲਈ ਸਮੂਹ ਧਰਮ-ਨਿਰਪੱਖ, ਲੋਕ-ਪੱਖੀ, ਮਿਹਨਤਕਸ਼ ਲੋਕਾਂ ਦੀਆਂ ਸੰਸਥਾਵਾਂ ਨੂੰ ਨਿਰੰਤਰ ਸੰਗਰਾਮ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਚਿੰਤਨ, ਚੇਤਨਾ, ਏਕਤਾ ਸਾਂਝ ਅਤੇ ਸੰਘਰਸ਼ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਭਨਾਂ ਨੂੰ ਆਪਸੀ ਮਤਭੇਦ ਲਾਂਭੇ ਰੱਖਦਿਆਂ ਮੁਲਕ ਤੇ ਚੜ੍ਹੀ ਆ ਰਹੀ ਫ਼ਿਰਕੂ ਫਾਸ਼ੀ ਹੱਲੇ ਦੀ ਹਨੇਰੀ ਜਿਸਦੇ ਜ਼ੋਰ ਤੇ ਭਾਜਪਾ ਹਕੂਮਤ ਆਪਣੇ ਰਾਜ ਤਖ਼ਤ ਨੂੰ ਬਹੁਤ ਸ਼ਾਤਰਾਨਾ ਅੰਦਾਜ਼ ਚ ਪੱਕਿਆਂ ਕਰਨ ਜਾ ਰਹੀ ਹੈ। ਇਸਨੂੰ ਹਾਰ ਦੇਣ ਲਈ ਇਸ ਖ਼ਿਲਾਫ਼ ਇੱਕਜੁੱਟ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਸਮਾਗਮ ਦਾ ਤੱਤ ਨਿਚੋੜ ਸਾਂਝਾ ਕਰਦਿਆਂ ਕਿਹਾ ਕਿ ਲੋਕ ਸ਼ਕਤੀ ਹੀ ਹਰ ਤਰ੍ਹਾਂ ਦੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਲੋਕ-ਮਾਰੂ ਨੀਤੀਆਂ ਨੂੰ ਅੱਗੇ ਹੋ ਕੇ ਠੱਲ੍ਹਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਜੋ ਤਾਕਤਾਂ ਵੱਖ-ਵੱਖ ਹੱਥ ਕੰਡੇ ਵਰਤਕੇ ਸਮਾਜ ਅੰਦਰ ਬਾਬਾ ਬੁੱਲ੍ਹੇ ਸ਼ਾਹ ਦੀ ਸੋਚ ਤੇ ਹੱਲੇ ਬੋਲ ਰਹੀਆਂ ਹਨ। ਉਨ੍ਹਾਂ ਦੇ ਮਨਸੂਬਿਆਂ ਨੂੰ ਭਾਂਜ ਦੇਣ ਲਈ ਧੁਰ ਹੇਠਾਂ ਤੱਕ ਜਨਤਕ ਲਹਿਰ ਉਸਾਰਨ ਦੀ ਲੋੜ ਹੈ। ਮੰਚ ਤੋਂ ਰੱਖੇ ਮਤਿਆਂ ਚ ਮੰਗ ਕੀਤੀ ਗਈ ਕਿ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੋੜਨ ਤੇ ਕਸ਼ਮੀਰੀ ਨੌਜਵਾਨ ਤਾਬਿਸ ਅਹਿਮਦ ਦੀ ਦੇਹਰਾਦੂਨ ਵਿਖੇ ਸਿਰ ਵਿੱਚ ਰਾਡਾਂ ਮਾਰਕੇ ਵਹਿਸ਼ੀਆਨਾ ਕੁੱਟ-ਮਾਰ ਕਰਨ ਵਾਲੇ ਜ਼ਿੰਮੇਵਾਰੀਆਂ ਓਟਣ ਵਾਲੇ ਤੱਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਸਮੇਤ ਹੋਰ ਮਤਿਆਂ ਨੂੰ ਕਨਵੈਨਸ਼ਨ ਚ ਹਾਜ਼ਰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਕਨਵੈਨਸ਼ਨ ਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪਲਸ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਇਸਤਰੀ ਜਾਗਰਿਤੀ ਮੰਚ, ਡੈਮੋਕਰੈਟਿਕ ਲੌਇਰਜ਼ ਐਸੋਸੀਏਸ਼ਨ, ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਤਰਕਸ਼ੀਲ ਸੁਸਾਇਟੀ ਕਨੇਡਾ ਦੇ ਆਗੂ, ਸੰਪਾਦਕ ਸੁਰਖ਼ ਲੀਹ, ਇਨਕਲਾਬੀ ਸਾਡਾ ਰਾਹ ਦੇ ਸੰਚਾਲਕ ਕੁਲਵਿੰਦਰ ਵੜੈਚ, ਨਾਵਲਕਾਰ ਬਲਵੀਰ ਪਰਵਾਨਾ, ਭੈਣੀ ਸਾਹਿਬ ਮੈਗਜ਼ੀਨ ਸਤਿਯੁਗ ਦੇ ਸੰਪਾਦਕ ਗੁਰਲਾਲ ਸਿੰਘ ਅਤੇ ਰੰਗਕਰਮੀ ਡਾ. ਸਾਹਿਬ ਸਿੰਘ ਸਮੇਤ ਬਹੁਤ ਸਾਰੀਆਂ ਸਾਹਿਤਕ, ਜਮਹੂਰੀ ਅਤੇ ਲੋਕ-ਪੱਖੀ ਸ਼ਖਸ਼ੀਅਤਾਂ ਅਤੇ ਜਨਤਕ-ਜਮਹੂਰੀ ਕਾਰਕੁੰਨ ਹਾਜ਼ਰ ਸਨ।