ਨਗਰ ਕੀਰਤਨ ਦੇ ਸਵਾਗਤ ਲਈ ਵਪਾਰਕ ਅਦਾਰਿਆਂ ਨਾਲ ਕੀਤਾ ਸੰਪਰਕ
ਨਗਰ ਕੀਰਤਨ ਦੇ ਸਵਾਗਤ ਕਰਨ ਲਈ ਵਪਾਰਕ ਅਦਾਰਿਆਂ ਨਾਲ ਸੰਪਰਕ ਕੀਤਾ
Publish Date: Wed, 19 Nov 2025 09:24 PM (IST)
Updated Date: Thu, 20 Nov 2025 04:10 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਭਲਕੇ ਸ਼ੁੱਕਰਵਾਰ ਰਾਤ ਨੂੰ ਗੁਰੂਦਵਾਰਾ ਸੰਤਗੜ੍ਹ ਕਪੂਰਥਲਾ ਰੋਡ ਵਿਖੇ ਵਿਸ਼ਰਾਮ ਕਰ ਕੇ ਅਗਲੀ ਸਵੇਰੇ 9 ਵਜੇ ਨਗਰ ਕੀਰਤਨ ਕਪੂਰਥਲਾ ਚੌਂਕ, ਪਟੇਲ ਚੌਂਕ, ਬਸਤੀ ਅੱਡਾ, ਪੁਲੀ ਅਲੀ ਮੁਹੱਲਾ, ਨਕੋਦਰ ਰੋਡ, ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੀਐੱਮਸੀ ਚੌਕ, ਡੀਸੀ ਆਫਿਸ, ਲਾਡੋਵਾਲੀ ਰੋਡ ਤੋਂ ਰਾਮਾ ਮੰਡੀ ਹੁੰਦਾ ਹੋਇਆ ਸ੍ਰੀ ਆਨੰਦ ਪੁਰ ਸਾਹਿਬ ਵੱਲ ਚਾਲੇ ਪਵੇਗਾ। ਇਸ ਸਬੰਧੀ ਵੱਖ-ਵੱਖ ਥਾਂਵਾਂ ’ਤੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਗਤ ਲਈ ਨਗਰ ਕੀਰਤਨ ਦੇ ਪ੍ਰਬੰਧਕ ਮੇਅਰ ਵਿਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਅਤ ਸਿੰਘ, ਦਿਨੇਸ਼ ਢੱਲ, ਕੌਂਸਲਰ ਜਤਿਨ ਗੁਲਾਟੀ, ਆਤਮ ਪ੍ਰਕਾਸ਼ ਸਿੰਘ ਬਬਲੂ ਵੱਲੋਂ ਸਿੱਖ ਤਾਲਮੇਲ ਕਮੇਟੀ ਤੇ ਹੋਰ ਸਿੱਖ ਆਗੂ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਰਣਜੀਤ ਸਿੰਘ ਗੋਲਡੀ, ਪਰਦੀਪ ਸਿੰਘ, ਗੁਰਵਿੰਦਰ ਸਿੰਘ ਨਾਗੀ, ਬੌਬੀ ਬਹਿਲ ਤੇ ਬੇਦੀ ਸਮੇਤ ਹੋਰ ਆਗੂਆਂ ਨੂੰ ਨਾਲ ਲੈ ਕੇ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸੰਪਰਕ ਕੀਤਾ ਤੇ ਸੰਗਤਾਂ ਲਈ ਲੰਗਰ ਤੇ ਗੁਰੂ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕਰਨ ਦੀ ਬੇਨਤੀ ਕੀਤੀ। ਸਮੁੱਚੇ ਵਪਾਰਕ ਅਦਾਰਿਆਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਤੇ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਕਰਨ ਦਾ ਭਰੋਸਾ ਦਿਵਾਇਆ। ਮੇਅਰ ਵਨੀਤ ਧੀਰ ਨੇ ਕਿਹਾ ਸੰਗਤਾਂ ’ਚ ਨਗਰ ਕੀਰਤਨ ਨੂੰ ਕੇ ਕੇ ਬਹੁਤ ਉਤਸ਼ਾਹ ਹੈ।