ਪਹਿਲਾਂ ਕਾਂਗਰਸ ਆਪਣਾ ਇਤਿਹਾਸ ਖੋਲ੍ਹ ਕੇ ਵੇਖੇ : ਅੰਮ੍ਰਿਤਪਾਲ ਸਿੰਘ
ਕਾਂਗਰਸ ਆਪਣਾ ਇਤਿਹਾਸ ਖੋਲ੍ਹ ਕੇ ਵੇਖ ਲਏ, ਤੁਹਾਡੇ ਰਾਜ ’ਚ ਵੀ ਪੱਥਰਾਂ ’ਤੇ ਤੁਹਾਡੇ ਵਰਕਰਾਂ ਦੇ ਨਾਮ ਖੁਦਵਾਏ ਜਾਂਦੇ ਸਨ
Publish Date: Wed, 10 Dec 2025 09:39 PM (IST)
Updated Date: Wed, 10 Dec 2025 09:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਸ਼ਹਿਰੀ ਦੇ ਜ਼ਿਲਾ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਪੁਰਾਣੀ ਆਦਤ ਹੈ, ਆਪਣੇ ਕੀਤੇ ਗੁਨਾਹ ਭੁੱਲ ਕੇ ਹੋਰਾਂ ’ਤੇ ਬੇਤੁਕੇ ਦੋਸ਼ ਲਗਾਉਣਾ। ਬਾਵਾ ਹੈਨਰੀ ਵਰਗੇ ਆਗੂ ਅੱਜ ਇਸ ਤਰ੍ਹਾਂ ਸਲੂਕ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਆਪਣੇ ਰਾਜ ’ਚ ਕਦੇ ਪੱਥਰਾਂ ’ਤੇ ਵਰਕਰਾਂ ਦੇ ਨਾਮ ਨਹੀਂ ਲਿਖਵਾਏ। ਉਨ੍ਹਾਂ ਕਿਹਾ ਕਿ ਹੈਨਰੀ, ਜਲੰਧਰ ਦੇ ਲੋਕ ਭੁੱਲੇ ਨਹੀਂ ਕਿ ਤੁਹਾਡੇ ਸਮੇਂ ਹਰ ਪੱਥਰ ’ਤੇ ਕਾਂਗਰਸ ਵਰਕਰਾਂ ਦੇ ਨਾਮ ਲਿਖਵਾਏ ਜਾਂਦੇ ਸਨ। ਕੰਮ ਘੱਟ ਤੇ ਆਪਣੇ ਚੇਲਿਆਂ-ਚਪਾਟਿਆਂ ਦੀ ਖੁੱਲ੍ਹੀ ਪ੍ਰਚਾਰਬਾਜ਼ੀ ਵੱਧ ਹੁੰਦੀ ਸੀ। ਅੰਮ੍ਰਿਤਪਾਲ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਆਪਣੇ ਪਿਛਲੇ ਕਾਰਿਆਂ ਦਾ ਹਿਸਾਬ ਦੇਵੇ, ਨਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਕਹਾਣੀਆਂ ਬਣਾਏ। ਉਨ੍ਹਾਂ ਕਿਹਾ ਕਿ ਪੱਥਰਾਂ ’ਤੇ ਨਾਮ ਲਿਖਵਾਉਣਾ ਤਾਂ ਕਾਂਗਰਸ ਰਾਜ ਦੀ ਪਛਾਣ ਸੀ। ਹੁਣ ਨੈਤਿਕਤਾ ਦਾ ਪ੍ਰਵਚਨ ਦੇਣ ਤੋਂ ਪਹਿਲਾਂ ਆਪਣੇ ਦੌਰ ਦਾ ਸ਼ੀਸ਼ਾ ਵੇਖ ਲਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਲੰਧਰ ’ਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ, ਕਾਂਗਰਸ ਵਾਂਗ ਫੋਟੋ-ਸ਼ੋਅ ਤੇ ਪੱਥਰ ਲਗਾਉਣ ਵਾਲੀ ਰਾਜਨੀਤੀ ਨਹੀਂ ਕਰ ਰਹੀ। ਕਾਂਗਰਸ ਨੇ ਜਲੰਧਰ ਨੂੰ ਪੱਥਰਾਂ ’ਤੇ ਨਾਮ ਲਿਖਵਾਉਣ ਵਾਲਾ ਸ਼ਹਿਰ ਬਣਾਇਆ ਸੀ, ਹੁਣ ਆਮ ਆਦਮੀ ਪਾਰਟੀ ਇਸ ਨੂੰ ਵਿਕਾਸ ਦਾ ਸ਼ਹਿਰ ਬਣਾ ਰਹੀ ਹੈ।