ਕਾਂਗਰਸੀ ਆਗੂ ਮਨੂ ਬੜਿੰਗ ਦਾ ਦਿਲ ਦੇ ਦੌਰੇ ਨਾਲ ਦੇਹਾਂਤ, ਜਿਮ ਲਵਰ ਸਨ
ਕਾਂਗਰਸੀ ਆਗੂ ਮਨੂ ਬੜਿੰਗ ਦਾ ਦਿਲ ਦੇ ਦੌਰੇ ਨਾਲ ਦੇਹਾਂਤ, ਜਿਮ ਲਵਰ ਸਨ
Publish Date: Fri, 30 Jan 2026 10:38 PM (IST)
Updated Date: Fri, 30 Jan 2026 10:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਪ੍ਰਸਿੱਧ ਕਾਰੋਬਾਰੀ ਮਨੋਜ ਮਨੂ ਬੜਿੰਗ ਦਾ ਸ਼ੁੱਕਰਵਾਰ ਤੜਕੇ ਅਚਾਨਕ ਦੇਹਾਂਤ ਹੋ ਗਿਆ। ਮਨੋਜ ਮਨੂ ਪੂਰੀ ਤਰ੍ਹਾਂ ਤੰਦਰੁਸਤ ਸਨ। ਵੀਰਵਾਰ ਨੂੰ ਉਹ ਸਿਟੀ ਰੇਲਵੇ ਸਟੇਸ਼ਨ ’ਤੇ ਵਾਰਾਨਸੀ ਜਾਣ ਵਾਲੀ ਬੇਗਮਪੁਰਾ ਐਕਸਪ੍ਰੈਸ ਰਾਹੀਂ ਸੰਗਤ ਨੂੰ ਰਵਾਨਾ ਕਰਨ ਤੇ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਆਸ਼ੀਰਵਾਦ ਲੈਣ ਲਈ ਮੌਜੂਦ ਰਹੇ ਸਨ। ਉਸ ਵੇਲੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਕੁਝ ਘੰਟਿਆਂ ਬਾਅਦ ਮਨੂ ਇਸ ਦੁਨੀਆ ’ਚ ਨਹੀਂ ਰਹਿਣਗੇ। ਰਾਤ ਕਰੀਬ 12 ਵਜੇ ਤੱਕ ਉਹ ਪਰਿਵਾਰ ਨਾਲ ਗੱਲਬਾਤ ਕਰਕੇ ਸੌਂ ਗਏ ਸਨ। ਸਵੇਰੇ ਲਗਭਗ 4:15 ਵਜੇ ਮਨੋਜ ਮਨੂ ਦੇ ਸੀਨੇ ’ਚ ਦਰਦ ਉਠਿਆ। ਉਨ੍ਹਾਂ ਨੇ ਇਸ ਨੂੰ ਜ਼ਿਆਦਾ ਗੰਭੀਰ ਨਹੀਂ ਲਿਆ ਤੇ ਰੁਟੀਨ ਦੀ ਦਵਾਈ ਖਾ ਲਈ। ਕੁਝ ਰਾਹਤ ਮਿਲਣ ’ਤੇ ਮਨੂ ਨੇ ਪਤਨੀ ਨੂੰ ਪਾਣੀ ਗਰਮ ਕਰਨ ਲਈ ਕਿਹਾ। ਥੋੜ੍ਹਾ ਪਾਣੀ ਪੀਣ ਤੋਂ ਕੁਝ ਸਮੇਂ ਬਾਅਦ ਹੀ ਉਹ ਅਚਾਨਕ ਡਿੱਗ ਪਏ ਤੇ ਮੁੜ ਨਹੀਂ ਉਠੇ। ਮਨੂ ਬੜਿੰਗ ਦੇ ਦੇਹਾਂਤ ਦੀ ਖ਼ਬਰ ਫੈਲਦਿਆਂ ਹੀ ਉਨ੍ਹਾਂ ਦੇ ਦੋਸਤ, ਰਿਸ਼ਤੇਦਾਰ, ਕਾਰੋਬਾਰੀ ਤੇ ਸਿਆਸੀ ਆਗੂ ਉਨ੍ਹਾਂ ਦੇ ਘਰ ਪੁੱਜਣ ਲੱਗ ਪਏ। ਮਨੋਜ ਮਨੂ ਦੀ ਉਮਰ ਸਿਰਫ਼ 49 ਸਾਲ ਸੀ। ਉਨ੍ਹਾਂ ਦੀ ਪਤਨੀ ਪਰਵੀਨ ਪਿਛਲੇ ਨਗਰ ਨਿਗਮ ਹਾਊਸ ’ਚ ਕੌਂਸਲਰ ਰਹਿ ਚੁੱਕੀ ਹੈ। ਮਨੂ ਕੈਟਰਿੰਗ ਬਿਜ਼ਨਸ ਨਾਲ ਜੁੜੇ ਹੋਏ ਸਨ ਅਤੇ ਪ੍ਰਾਪਰਟੀ ਦੇ ਵੀ ਵੱਡੇ ਕਾਰੋਬਾਰੀ ਸਨ। ਮਨੋਜ ਮਨੂ ਬਾਡੀ ਬਿਲਡਰ ਰਹੇ ਹਨ ਤੇ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਦੇ ਸਨ। ਉਹ ਰੋਜ਼ਾਨਾ ਜਿਮ ਜਾਂਦੇ ਸਨ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਕਸਰ ਜਿਮ ’ਚ ਵਰਕਆਉਟ ਦੀਆਂ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਸਨ। ਮੌਤ ਤੋਂ 24 ਘੰਟੇ ਪਹਿਲਾਂ ਵੀ ਉਨ੍ਹਾਂ ਨੇ ਐਸੀ ਹੀ ਇੱਕ ਵੀਡੀਓ ਅਪਲੋਡ ਕੀਤੀ ਸੀ। ਸਿਆਸਤ ’ਚ ਉਹ ਕਈ ਸਾਲਾਂ ਤੋਂ ਸਰਗਰਮ ਸਨ ਤੇ ਸਾਬਕਾ ਮੁੱਖ ਮੰਤਰੀ, ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਸਨ। ਉਹ ਨੌਜਵਾਨਾਂ ਨੂੰ ਸਿਹਤ ਸਬੰਧੀ ਟਿਪਸ ਦਿੰਦੇ ਰਹਿੰਦੇ ਸਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਛਾਉਣੀ ਦੇ ਦੀਪ ਨਗਰ ਸਥਿਤ ਰਾਮ ਬਾਗ ਸ਼ਮਸ਼ਾਨਘਾਟ ’ਚ ਕੀਤਾ ਗਿਆ। ਮਨੋਜ ਮਨੂ ਦੇ ਦੇਹਾਂਤ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪੁੱਜੇ। ਜਦੋਂ ਅੰਤਿਮ ਸੰਸਕਾਰ ਲਈ ਮਨੋਜ ਮਨੂ ਦੀ ਦੇਹ ਨੂੰ ਸ਼ਮਸ਼ਾਨ ਘਾਟ ਲਿਜਾਇਆ ਜਾ ਰਿਹਾ ਸੀ ਤਾਂ ਸੰਸਦ ਮੈਂਬਰ ਚੰਨੀ ਆਪਣੇ ਹੰਝੂ ਨਹੀਂ ਰੋਕ ਸਕੇ। ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੀਆਂ ਅੱਖਾਂ ਵੀ ਨਮ ਸਨ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜਲੰਧਰ ਵੈਸਟ ਤੋਂ ਕਾਂਗਰਸ ਹਲਕਾ ਇੰਚਾਰਜ ਸੁਰਿੰਦਰ ਕੌਰ ਦੇ ਪੁੱਤਰ ਕਰਨ ਜੱਲੋਵਾਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨਦੇਵ ਭੰਡਾਰੀ, ਸਾਬਕਾ ਮੇਅਰ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਪਾਰਸ਼ਦ ਰਾਜੀਵ ਢੀਂਗਰਾ, ਮਨਜੀਤ ਸਿੰਘ ਟੀਟੂ, ਬਲਰਾਜ ਠਾਕੁਰ, ਪਵਨ ਕੁਮਾਰ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਜਤਿੰਦਰ ਜੋਨੀ, ਉਦਯੋਗਪਤੀ ਪ੍ਰਵੀਣ ਕੁਮਾਰ, ਰਾਜਨ ਚੋਪੜਾ, ਮੇਜਰ ਸਿੰਘ, ਰਵਿੰਦਰ ਧੀਰ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। --- 49 ਨੰਬਰ ਦੇ ਸ਼ੌਕੀਨ ਸਨ, 49 ਸਾਲ ਦੀ ਉਮਰ ’ਚ ਹੀ ਹੋਇਆ ਦੇਹਾਂਤ ਮਨੋਜ ਮਨੂ ਨੂੰ 49 ਨੰਬਰ ਨਾਲ ਖ਼ਾਸ ਲਗਾਅ ਸੀ ਤੇ ਉਹ ਇਸ ਨੂੰ ਆਪਣਾ ਲੱਕੀ ਨੰਬਰ ਮੰਨਦੇ ਸਨ। ਇਸੇ ਕਾਰਨ ਉਨ੍ਹਾਂ ਦੀ ਹਰ ਗੱਡੀ ਦਾ ਨੰਬਰ 49 ਹੁੰਦਾ ਸੀ ਤੇ ਮੋਬਾਈਲ ਨੰਬਰ ਦੇ ਆਖ਼ਰੀ ਅੰਕ ਵੀ 49 ਸਨ। ਇਹ ਇਕ ਇਤਫ਼ਾਕ ਹੀ ਸੀ ਕਿ ਉਨ੍ਹਾਂ ਦਾ ਦੇਹਾਂਤ ਵੀ 49 ਸਾਲ ਦੀ ਉਮਰ ਵਿੱਚ ਹੀ ਹੋ ਗਿਆ। ਉਹ ਵੱਡੀਆਂ ਗੱਡੀਆਂ ਦੇ ਸ਼ੌਕੀਨ ਸਨ। ਪਰਿਵਾਰ ਵਿਚ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹਨ। ਪੁੱਤਰ ਕੈਨੇਡਾ ਵਿੱਚ ਪੜ੍ਹਦਾ ਹੈ ਪਰ ਇਨ੍ਹਾਂ ਦਿਨੀਂ ਘਰ ਆਇਆ ਹੋਇਆ ਸੀ। ਪੁੱਤਰ ਨੇ ਹੀ ਆਪਣੇ ਪਿਤਾ ਦੀ ਦੇਹ ਨੂੰ ਅਗਨੀ ਦਿੱਤੀ।